‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਚੰਡੀਗੜ੍ਹ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਹੋਰ ਲੀਡਰਾਂ ਦੇ ਨਾਲ ਮੀਟਿੰਗ ਹੋਈ। ਇਸ ਮੀਚਿੰਗ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਅੱਗੇ 14 ਮੰਗਾਂ ਰੱਖੀਆਂ। ਮੀਟਿੰਗ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੰਜਾਬ ਭਵਨ ਵਿੱਚ 23 ਨਵੰਬਰ ਨੂੰ ਦੁਪਹਿਰ 2:30 ਵਜੇ ਪੰਜਾਬ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਮੀਟਿੰਗ ਕਰਨ ਦਾ ਐਲਾਨ ਕੀਤਾ।
ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਵਿੱਚ ਹੋਈਆਂ ਵੱਖ-ਵੱਖ ਮੀਟਿੰਗਾਂ ਵਿੱਚ ਸਾਡੀਆਂ ਮੰਗਾਂ ਨੂੰ ਮੰਨ ਲਿਆ ਸੀ। ਪੰਜਾਬ ਸਰਕਾਰ ਵੱਲੋਂ ਰੇਲ ਅੰਦੋਲਨ ਨੂੰ ਲੈ ਕੇ ਕੀਤੀ ਗਈ ਅਪੀਲ ‘ਤੇ ਕਮੇਟੀ ਨੇ ਕਿਹਾ ਕਿ ‘5 ਨਵੰਬਰ ਨੂੰ ਰੱਖੀ ਗਈ ਮੀਟਿੰਗ ਵਿੱਚ ਅਸੀਂ ਰੇਲ ਰੋਕੋ ਅੰਦੋਲਨ ਬਾਰੇ ਵਿਚਾਰ ਕਰਾਂਗੇ’। ਕਿਸਾਨਾਂ ਨੇ ਮੀਟਿੰਗ ਵਿੱਚ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਦੀ ਮੰਗ ਕੀਤੀ ਅਤੇ ਨਾਲ ਹੀ ਗੰਨੇ ਦੀਆਂ ਮਿੱਲਾਂ ਨੂੰ ਚਲਾਉਣ ਸੰਬੰਧੀ ਵੀ ਸਰਕਾਰ ਨੂੰ ਅਪੀਲ ਕੀਤੀ।
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਸੀਂ ਦਿਵਾਲੀ ਤੋਂ ਬਾਅਦ ਕਿਸਾਨਾਂ ਦੇ ਨਾਲ ਮੀਟਿੰਗ ਕਰਾਂਗੇ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੱਢਾਂਗੇ। ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ‘ਇਹ ਜੰਮੂ-ਕਸ਼ਮੀਰ ਨਹੀਂ ਹੈ, ਇਹ ਪੰਜਾਬ ਹੈ। ਪੰਜਾਬੀ ਲੋਕ ਬੜੇ ਅਣਖੀਲੇ ਅਤੇ ਗੈਰਤਮੰਦ ਹਨ, ਦੇਸ਼ ਦੀ ਅਖੰਡਤਾ ਅਤੇ ਆਜ਼ਾਦੀ ਵਾਸਤੇ ਇਨ੍ਹਾਂ ਨੇ ਵੱਡਾ ਯੋਗਦਾਨ ਪਾਇਆ ਹੈ। ਇਸ ਅੱਗ ਨਾਲ ਤੁਸੀਂ ਨਾ ਖੇਡੋ ਤੇ ਪੰਜਾਬ ਨਾਲ ਧੱਕਾ ਨਾ ਕਰੋ। ਜੇ ਤੁਸੀਂ ਸਾਨੂੰ ਕੋਲੇ ਦੀ ਸਪਲਾਈ ਨਾ ਕਰਵਾ ਕੇ ਪੰਜਾਬ ਦੀ ਬਿਜਲੀ ਗੁੱਲ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੀ ਬਿਜਲੀ ਵੀ ਗੁੱਲ ਕਰਕੇ ਰਹਾਂਗੇ। ਪੰਜਾਬੀਆਂ ਨੂੰ ਤਾਂ ਬਿਜਲੀ ਤੋਂ ਬਿਨਾਂ ਵੀ ਰਹਿਣਾ ਆਉਂਦਾ ਹੈ। ਅਸੀਂ ਹਰ ਸੰਭਵ ਲੜਾਈ ਲੜਾਂਗੇ’।