ਗਿੱਦੜਬਾਹਾ : ਪੰਜਾਬ ‘ਚ ਚਾਰ ਸੀਟਾਂ- ਗਿੱਦਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਤੇ ਚੱਬੇਵਾਲ ‘ਤੇ ਜ਼ਿਮਨੀ ਚੋਣਾਂ 20 ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਸਿਆਸੀ ਪਾਰਟੀਆਂ ਚੋਣਾਂ ਜਿੱਤਣ ਦੇ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਗਿੱਦੜਬਾਹਾ ਸੀਟ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਥੋਂ ਕਾਂਗਰਸ ਨੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਉਤਾਰਿਆ ਹੈ।
ਇਸੇ ਦੌਰਾਨ ਆਪਣੀ ਪਤਨੀ ਲਈ ਚੋਣ ਪ੍ਰਚਾਰ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਲੋਕਾਂ ਨੂੰ 50 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਮਾੜੇ-ਮੋਟੇ ਚੈੱਕ ਮਿਲੇ ਜਾਂ ਨਹੀਂ, ਤੁਸੀਂ ਕੋਈ ਦਿਹਾੜੀ ਕੀਤੀ ਸੀ ਜਾਂ ਮੇਰਾ ਕੋਠਾ ਬਣਾਇਆ ਸੀ। ਅੱਜ ਤੁਹਾਡੀ ਉਮਰ 60-70 ਸਾਲ ਹੋ ਗਈ, ਪਰ ਕਿਸੇ ਨੂੰ ਤੁਹਾਨੂੰ ਸਿਰ ਦੀ ਜੂੰ ਤੱਕ ਦਿੱਤੀ ਹੈ। ਕਿਸੇ ਨੇ ਭਾਂਡੇ ਦਿੱਤੇ ਕਿਸੇ ਨੂੰ ਕੁੱਝ ਦਿੱਤਾ, ਕੋਈ ਚੀਜ਼ ਲੈ ਕੇ ਆਇਆ ਕਿ ਆਹ ਅਸੀਂ ਤੁਹਾਨੂੰ ਦੀਵਾਲੀ ‘ਤੇ ਲੈ ਕੇ ਆਏ ਹਾਂ।
ਰਾਜਾ ਵੜਿੰਗ ਅੱਗੇ ਕਹਿ ਰਹੇ ਹਨ ਕਿ ਕਈ ਰੁੱਸ ਗਏ ਕਿ ਮੈਨੂੰ ਨਹੀਂ ਮਿਲਿਆ। ਇੰਨਾ ਵੱਡਾ ਬਾਜ਼ਾਰ ਹੈ ਕਈ ਵਾਰ ਇੱਕ ਅੱਧਾ ਡੱਬਾ ਵੰਡਣ ਤੋਂ ਰਹਿ ਜਾਂਦਾ ਹੈ। ਇਨ੍ਹਾਂ ਨੇ ਕਿਹਾ ਕਿ ਮੈਂ ਗਰੰਟੀ ਦੇਵਾਂਗਾ ਪਰ ਮੈਂ ਨਹੀਂ ਕਿਹਾ ਕਿ ਮੈਂ ਗਰੰਟੀ ਦੇਵਾਂਗੇ? ਜੋ ਮੇਰੇ ਜ਼ੇਬ ‘ਚ ਆਏ ਮੈਂ ਵੰਡ ਦਿੱਤੇ, ਪਰ ਕਈ ਰਹਿ ਗਏ, ਜਿਨ੍ਹਾਂ ਨੂੰ ਨਹੀਂ ਮਿਲਿਆ ਮੈਂ ਉਨ੍ਹਾਂ ਨੂੰ ਡਬਲ ਰੁਪਏ ਦੇਵਾਂਗਾ, ਮੈਂ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੇਵਾਂਗਾ।
ਰਵਨੀਤ ਬਿੱਟੂ ਨੇ ਸਾਧਿਆ ਨਿਸ਼ਾਨਾ
ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਨੇਤਾ ਰਵਨੀਤ ਬਿੱਟੂ ਨੇ ਰਾਜਾ ਵੜਿੰਗ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਹੰਕਾਰ ਰਾਜਾ ਵੜਿੰਗ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ, ਕਿਸੇ ਮਾਂ-ਭੈਣ ਨੇ ਪੁੱਛ ਲਿਆ ਕਿ ਮੈਨੂੰ ਚੈੱਕ ਨਹੀਂ ਮਿਲਿਆ ਤੇ ਵੜਿੰਗ ਨੇ ਕਿਹਾ ਕਿ ਤੁਸੀਂ ਮੇਰੇ ਘਰ ਦਿਹਾੜੀ ਕਰਨ ਆਏ, ਮੇਰੇ ਘਰ ਕੋਠਾ ਬਣਾਉਣ ਆਏ ਸੀ, ਜਿਹੜੇ ਤੁਹਾਨੂੰ ਚੈੱਕ ਦੇਵਾਂਗਾ। ਰਵਨੀਤ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਹੈ ਕਿ ਕਿ ਮੈਂ ਕਿਸੇ ਨੂੰ ਤਾਂ ਹੀ ਕੁੱਝ ਦੇਵਾਂਗਾ ਜੇਕਰ ਤੁਸੀਂ ਮੇਰੇ ਘਰ ਆ ਕੇ ਕੰਮ ਕਰੋ।
ਰਵਨੀਤ ਬਿੱਟੂ ਨੇ ਰਾਜਾ ਵੜਿੰਗ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਤੁਸੀਂ ਆਪਣੀ ਪਤਨੀ ਨੂੰ ਟਿਕਟ ਦਿੱਤੀ। ਤੁਸੀਂ ਕਿਸੇ ਗਰੀਬ ਨੂੰ ਜਾਂ ਕਿਸੇ ਕਾਂਗਰਸ ਦੇ ਵਰਕਰ ਨੂੰ ਟਿਕਟ ਨਹੀਂ ਦਿੱਤੀ ਤੇ ਹੁਣ ਤੁਹਾਨੂੰ ਪਤਾ ਚੱਲ ਗਿਆ ਹੈ ਕਿ ਲੋਕ ਤੁਹਾਨੂੰ ਵੋਟ ਨਹੀਂ ਪਾਉਣਗੇ, ਇਸ ਲਈ ਤੁਸੀਂ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹੋ।