ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਬਿਆਨ ਤੋਂ ਉਨ੍ਹਾਂ ਤੋਂ ਮੁਆਫ਼ੀ ਮੰਗੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੋ ਸਿਰ ਝੁਕਾ ਕੇ ਮਾਫੀ ਮੰਗਦਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਉਹ ਭੁੱਲ ਕੇ ਵੀ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਅਤੇ ਜਥੇਦਾਰ ਸਾਹਿਬ ਬਾਰੇ ਗਲਤ ਨਹੀਂ ਬੋਲ ਸਕਦਾ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੈਂ ਸਤਿਕਾਰ ਕਰਦਾ ਹਾਂ।
ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਮਰਿਆਦਾ ਦਾ ਉਲੰਘਣ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਮੰਨ ਦੇ ਭਾਵ ਰੱਖੇ ਸਨ, ਸੱਚਾ ਸਿੱਖ ਹੋਣ ਦੇ ਨਾਤੇ ਮੈਂ ਸਿਰ ਝੁਕਾ ਕੇ ਮੁਆਫੀ ਮੰਗਦਾ ਹਾਂ।
ਕੀ ਹੈ ਪੂਰਾ ਮਾਮਲਾ?
ਦੱਸ ਦਈਏ ਕਿ ਲੰਘੇ ਕੱਲ੍ਹ ਰਾਜਾ ਵੜਿੰਗ ਨੇ ਕਿਹਾ ਸੀ ਕਿ ਇੱਕ ਨਿੱਜ਼ੀ ਚੈਨਲ ‘ਤੇ ਇੰਟਰਵਿਊ ਦੌਰਾਨ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੋ ਵੀ ਬੋਲਦੇ ਹਨ ਉਹ ਸੁਖਬੀਰ ਬਾਦਲ ਵੱਲੋਂ ਲਿਖਿਆ ਹੁੰਦਾ ਹੈ। ਵੜਿੰਗ ਨੇ ਜਥੇਦਾਰ ‘ਤੇ ਸਵਾਲ ਚੁੱਕੇ ਸੀ ਅਤੇ ਸੁਖਬੀਰ ਬਾਦਲ ‘ਤੇ ਲਏ ਫੈਸਲੇ ਨੂੰ ਸਕ੍ਰਿਪਟਿਡ ਦੱਸਿਆ ਸੀ।
ਜਿਸ ਤੋਂ ਬਾਅਦ ਜਥੇਦਾਰ ਰਘਬੀਰ ਸਿੰਘ ਨੇ ਰਾਜਾ ਵੜਿੰਗ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਖਿਲਾਫ ਝੂਠਾ ਪ੍ਰਚਾਰ ਨਾ ਕਰਨ। ਜਥੇਦਾਰ ਨੇ ਕਿਹਾ ਸੀ ਕਿ ਅਜਿਹੀਆਂ ਟਿੱਪਣੀਆਂ ਨਾਲ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਇੱਕ ਲਿਖਤੀ ਬਿਆਨ ਵਿੱਚ ਜਥੇਦਾਰ ਨੇ ਕਿਹਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਦੁਆਰਾ ਉਸਾਰਿਆ ਗਿਆ ਸੱਚਾ ਤਖ਼ਤ ਹੈ।
ਉਨ੍ਹਾਂ ਕਿਹਾ ਕਿ ਇਹ ਤਖ਼ਤ ਸਿੱਖਾਂ ਦਾ ਸਰਉੱਚ ਅਸਥਾਨ ਹੈ ਤੇ ਸਿੱਖ ਸਿਧਾਤਾਂ ਦੀ ਉਲੰਘਣਾ ਕਰਨ ਵਾਲੇ ਕਿਸੀ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਨੂੰ ਅਕਾਲ ਤਖ਼ਤ ਸਾਹਿਬ ਖ਼ਿਲਾਫ਼ ਕੂੜ-ਪ੍ਰਚਾਰ ਕਰਨ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਉਹ ਉਸ ਕਾਂਗਰਸ ਦੇ ਪੰਜਾਬ ਪ੍ਰਧਾਨ ਹੈ, ਜਿਸ ਦੀ ਸਰਕਾਰ ਨੇ ਅਕਾਲ ਤਖ਼ਤ ਨੂੰ ਢਾਹਿਆ ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ।
ਸਿਆਸੀ ਪ੍ਰਭਾਨ ਲਈ ਕੀਤੀ ਟਿੱਪਣੀ- ਜਥੇਦਾਰ
ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਰਾਜਾ ਵੜਿੰਗ ਨੇ ਆਪਣੇ ਸਿਆਸੀ ਪ੍ਰਭਾਵ ਵਾਲੇ ਬਿਆਨ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ, ਜੋ ਕਿ ਅਸਹਿਣਯੋਗ ਹੈ। ਰਾਜਾ ਵੜਿੰਗ ਨੂੰ ਅਜਿਹਾ ਪ੍ਰਚਾਰ ਕਰਨ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਜਥੇਦਾਰ ਨੇ ਕਿਹਾ ਸੀ ਕਿ ਜੇਕਰ ਰਾਜਾ ਵੜਿੰਗ ਮੁਆਫੀ ਨਹੀਂ ਮੰਗਦੇ ਤਾਂ ਉਨ੍ਹਾਂ ਖਿਲਾਫ ਸਿੱਖ ਮਰਿਆਦਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।