ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਪਾਵਨ ਸਰੂਪਾਂ ਵਿੱਚੋਂ 169 ਸਰੂਪ ਬੰਗਾ (ਨਵਾਂਸ਼ਹਿਰ) ਨੇੜੇ ਇੱਕ ਧਾਰਮਿਕ ਅਸਥਾਨ ਤੋਂ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹਨਾਂ ਵਿੱਚੋਂ 139 ਸਰੂਪਾਂ ਦਾ ਕੋਈ ਅਧਿਕਾਰਤ ਰਿਕਾਰਡ ਨਹੀਂ ਹੈ ਅਤੇ ਸਿਰਫ਼ 30 ਦਾ ਹੀ ਰਿਕਾਰਡ ਮੌਜੂਦ ਹੈ। ਇਹ ਬਿਆਨ ਐਸਆਈਟੀ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਦੀ ਜਾਂਚ ਤੋਂ ਬਾਅਦ ਦਿੱਤਾ ਗਿਆ ਸੀ।
ਇਸ ਦੇ ਜਵਾਬ ਵਿੱਚ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਪ੍ਰਬੰਧਕਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਭਰਮ ਪੈਦਾ ਕਰਨ ਵਾਲਾ ਕਰਾਰ ਦਿੱਤਾ। ਅਮਰੀਕ ਸਿੰਘ ਬੱਲੋਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਕਿਸ ਅਧਿਕਾਰ ਨਾਲ ਸਾਡੇ ਗੁਰੂ ਦਾ ਹਿਸਾਬ ਮੰਗਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਪੁਰਾਣਾ ਅਸਥਾਨ ਹੈ ਜਿਸ ਦੀ ਨੀਂਹ 1916 ਵਿੱਚ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੇ ਰੱਖੀ ਸੀ। ਇਹ ਗੁਰੂ ਸਾਹਿਬਾਨਾਂ ਦੀ ਸੇਵਾ-ਭਾਵਨਾ ਨੂੰ ਸਮਰਪਿਤ ਹੈ ਅਤੇ ਇਸ ਨੂੰ ਸਿੱਖ ਪੰਥ ਵਿਰੋਧੀ ਜਾਂ ਡੇਰੇ ਵਜੋਂ ਨਹੀਂ ਪੇਸ਼ ਕੀਤਾ ਜਾਣਾ ਚਾਹੀਦਾ। ਉਨ੍ਹਾਂ ਮੀਡੀਆ ਨੂੰ ਅਪੀਲ ਕੀਤੀ ਕਿ ਰਾਜਾ ਸਾਹਿਬ ਜੀ ਦੀ ਕੋਈ ਤਸਵੀਰ ਨਹੀਂ ਹੈ, ਇਸ ਲਈ ਇਸ ਨੂੰ ਗਲਤ ਤਰੀਕੇ ਨਾਲ ਨਾ ਵਰਤਿਆ ਜਾਵੇ।
ਲਾਪਤਾ ਸਰੂਪਾਂ ਨਾਲ ਕੋਈ ਸਬੰਧ ਨਹੀਂ
ਪ੍ਰਬੰਧਕ ਕਮੇਟੀ ਨੇ ਇਸ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਦੱਸਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਲਾਪਤਾ ਸਰੂਪਾਂ ਦਾ ਮਾਮਲਾ 2014 ਤੋਂ 2019 ਵਾਲਾ ਹੈ। ਉਨ੍ਹਾਂ ਦੱਸਿਆ ਕਿ 328 ਸਰੂਪਾਂ ਦੀ ਜਾਣਕਾਰੀ ਸੀ ਅਤੇ ਇਸ ਵਿੱਚੋਂ 30 ਸਰੂਪ ਡੇਰੇ ਨੂੰ ਦਿੱਤੇ ਗਏ ਸਨ। ਹੁਣ ਬਰਾਮਦ ਹੋਏ 169 ਸਰੂਪਾਂ ਵਿੱਚੋਂ 107 ਸਰੂਪ ਐਸਜੀਪੀਸੀ ਵੱਲੋਂ ਪ੍ਰਕਾਸ਼ਿਤ (1978 ਤੋਂ 2012 ਤੱਕ) ਹਨ ਅਤੇ 62 ਮਲਟੀ ਪ੍ਰਿੰਟਿੰਗ ਪ੍ਰੈੱਸ ਰਾਹੀਂ ਛਾਪੇ ਗਏ ਹਨ। ਇਸ ਤੋਂ ਇਲਾਵਾ 79 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ 1978 ਤੋਂ 2012 ਤੱਕ ਪ੍ਰਕਾਸ਼ਿਤ ਹੋਏ ਅਤੇ 30 ਬਿਰਦ ਸਰੂਪ ਗੋਇੰਦਵਾਲ ਸਾਹਿਬ ਵਿੱਚ ਜਮ੍ਹਾ ਕਰਵਾਏ ਗਏ ਹਨ।
ਸਾਡੇ ਕੋਲ ਆਈ SIT ਨੇ ਸਾਨੂੰ ਕੁਝ ਹੋਰ ਦੱਸਿਆ
ਪ੍ਰਬੰਧਕਾਂ ਨੇ ਚੋਰੀ ਜਾਂ ਲਾਪਤਾ ਹੋਣ ਦੇ ਦੋਸ਼ਾਂ ਨੂੰ ਨਿਰਾ ਝੂਠ ਦੱਸਿਆ। ਉਨ੍ਹਾਂ ਕਿਹਾ ਕਿ ਐਸਜੀਪੀਸੀ ਵੱਲੋਂ 2014 ਅਤੇ 2019 ਵਿੱਚ ਸਰੂਪਾਂ ਦੇ ਰਿਕਾਰਡ ਜਾਰੀ ਕੀਤੇ ਗਏ ਸਨ, ਜਿਨ੍ਹਾਂ ਦੀਆਂ ਕਾਪੀਆਂ ਅਤੇ ਰਸੀਦਾਂ ਉਨ੍ਹਾਂ ਕੋਲ ਮੌਜੂਦ ਹਨ। ਐਸਆਈਟੀ ਦੇ ਮੈਂਬਰ ਕਈ ਵਾਰ ਆਏ, ਪੂਰਾ ਸਹਿਯੋਗ ਦਿੱਤਾ ਗਿਆ ਅਤੇ ਰਿਕਾਰਡ ਖੁੱਲ੍ਹ ਕੇ ਰੱਖੇ ਗਏ। ਮੈਂਬਰਾਂ ਨੇ ਸਰੂਪਾਂ ਨੂੰ ਜੈਨੂਅਨ ਦੱਸਿਆ ਸੀ, ਪਰ ਬਾਅਦ ਵਿੱਚ ਰਿਪੋਰਟ ਗਲਤ ਪੇਸ਼ ਕੀਤੀ ਗਈ ਜਿਸ ਨਾਲ ਦੁੱਖ ਹੋਇਆ। ਇਹ ਗਲਤ ਰਿਪੋਰਟ ਮੁੱਖ ਮੰਤਰੀ ਜਾਂ ਉਨ੍ਹਾਂ ਦੇ ਸਲਾਹਕਾਰਾਂ ਵੱਲੋਂ ਪੇਸ਼ ਕੀਤੀ ਗਈ।
ਸਰੂਪਾਂ ਦੀ ਮਰਿਆਦਾ ’ਚ ਕਮੀ ਤਾਂ ਜਥੇਦਾਰ ਭੇਜਣ ਟੀਮ
ਕਮੇਟੀ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਟੀਮ ਭੇਜ ਕੇ ਖੁਦ ਨਿਰੀਖਣ ਕਰਨ ਕਿ ਗੁਰੂ ਮਹਾਰਾਜ ਦੇ ਪ੍ਰਕਾਸ਼, ਮਰਿਆਦਾ ਅਤੇ ਸਤਿਕਾਰ ਵਿੱਚ ਕੋਈ ਕਮੀ ਹੈ ਜਾਂ ਨਹੀਂ। ਐਸਜੀਪੀਸੀ ਦੇ ਅਬਜ਼ਰਵਰ ਅਤੇ ਮੁਲਾਜ਼ਮ ਵੀ ਸਾਲ ਵਿੱਚ 4-5 ਵਾਰ ਆ ਕੇ ਜਾਂਚ ਕਰਦੇ ਰਹਿੰਦੇ ਹਨ ਅਤੇ ਲਿਖਤੀ ਰਿਪੋਰਟ ਜਾਰੀ ਕਰਦੇ ਹਨ। 2019 ਦੀਆਂ ਹੜ੍ਹਾਂ ਵਿੱਚ ਵੀ ਇਸ ਦਰਬਾਰ ਨੇ ਭਰਪੂਰ ਸੇਵਾਵਾਂ ਕੀਤੀਆਂ।
ਪ੍ਰਬੰਧਕਾਂ ਨੇ ਕਿਹਾ ਕਿ ਸਰਕਾਰ ਕੋਲ ਗੁਰੂਆਂ ਦਾ ਹਿਸਾਬ ਮੰਗਣ ਦਾ ਕੋਈ ਅਧਿਕਾਰ ਨਹੀਂ। ਜੇ ਮਰਿਆਦਾ ਵਿੱਚ ਕਮੀ ਹੈ ਤਾਂ ਅਕਾਲ ਤਖ਼ਤ ਵੱਲੋਂ ਟੀਮ ਭੇਜੀ ਜਾਵੇ। ਇਹ ਪੂਰਾ ਮਾਮਲਾ ਧਿਆਨ ਭਟਕਾਉਣ ਵਾਲਾ ਹੈ ਅਤੇ ਸੰਗਤ ਵਿੱਚ ਭਰਮ ਪੈਦਾ ਕਰ ਰਿਹਾ ਹੈ। ਅਸੀਂ ਗੁਰਮਤ ਪ੍ਰਚਾਰ ਅਤੇ ਸੇਵਾ ਵਿੱਚ ਪੂਰੇ ਸਮਰਪਿਤ ਹਾਂ।
ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ
ਦੱਸ ਦਈਏ ਕਿ ਲੰਘੇ ਕੱਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਕਾਨਫਰੰਸ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 328 ਪਾਵਨ ਸਰੂਪਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ 139 ਸਰੂਪਾਂ ਦਾ ਸ਼੍ਰੋਮਣੀ ਕਮੇਟੀ ਕੋਲ ਰਿਕਾਰਡ ਹੀ ਨਹੀਂ ਹੈ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਕਮੇਟੀ ਕੋਲ ਸਿਰਫ਼ 30 ਸਰੂਪਾਂ ਦੀਆਂ ਪਰਚੀਆਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਬੰਗਾ ਦੇ ਇਕ ਡੇਰੇ ਤੋਂ 169 ਸਰੂਪ ਬਰਾਮਦ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਿੱਟ ਇਮਾਨਦਾਰੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦੀ ਜ਼ਿੰਮੇਵਾਰ ਤਾਂ ਕਮੇਟੀ ਹੀ ਹੈ।

