Punjab

ਰਾਜ ਕੁਮਾਰ ਵੇਰਕਾ ਨੇ ਸਹੁੰ ਚੁੱਕਦਿਆਂ ਲਿਆ ਇਸ ਮਹਾਨ ਸ਼ਖਸੀਅਤ ਦਾ ਨਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਦੇ ਨਵੇਂ ਕੈਬਨਿਟ ਮੰਤਰੀਆਂ ਨੇ ਅੱਜ ਪੰਜਾਬ ਰਾਜ ਭਵਨ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਆਪਣੇ ਅਹੁਦੇ ਦੀ ਸਹੁੰ ਚੁੱਕੀ ਹੈ। ਇਸ ਮੌਕੇ ਜਦੋਂ ਰਾਜ ਕੁਮਾਰ ਵੇਰਕਾ ਦਾ ਨੰਬਰ ਆਇਆ ਤਾਂ ਉਨ੍ਹਾਂ ਨੇ ਵਿਸ਼ੇਸ਼ ਤੌਰ ਉੱਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਨਾਂ ਦਾ ਜਿਕਰ ਕੀਤਾ ਤੇ ਕਿਹਾ ਕਿ ਮੈਂ ਅੰਬੇਦਕਰ ਦੇ ਬਣਾਏ ਸੰਵਿਧਾਨ ਦੀ ਸਹੁੰ ਚੁੱਕਦਾ ਹਾਂ। ਜਦੋਂ ਕਿ ਬਾਕੀ ਮੰਤਰੀਆਂ ਨੇ ਜੋ ਆਮ ਸਹੁੰ ਚੁਕਾਈ ਜਾਂਦੀ ਹੈ, ਉਹੀ ਪੜ੍ਹੀ ਪਰ ਵੇਰਕਾ ਵੱਲੋਂ ਬਾਬਾ ਸਾਹਿਬ ਦਾ ਨਾਂ ਲੈਣਾ ਚਰਚਾ ਦਾ ਵਿਸ਼ਾ ਬਣ ਰਿਹਾ ਹੈ।

ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੈਂ ਸਹੁੰ ਚੁੱਕਣ ਵੇਲੇ ਕਿਹਾ ਸੀ ਕਿ ਮੈਂ ਈਸ਼ਵਰ ਦੀ ਸਹੁੰ ਖਾਂਦਾ ਹਾਂ, ਸੱਚੇ ਦਿਲ ਤੋਂ ਪ੍ਰਤਿਗਿਆ ਕਰਦਾ ਹਾਂ ਕਿ ਮੈਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਵੱਲੋਂ ਬਣਾਏ ਅਤੇ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ। ਹੁਣ ਇਸ ਤੋਂ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਕਿਉਂ ਆਵੇਗੀ। ਭਾਰਤੀ ਸੰਵਿਧਾਨ ਦੇ ਨਿਰਮਾਤਾ ਦਾ ਜ਼ਿਕਰ ਇਸ ਵਿੱਚ ਹੋਣਾ ਚਾਹੀਦਾ ਹੈ।

ਮੈਂ ਸਰਕਾਰ ਅਤੇ ਜਨਤਾ ਵਿਚਕਾਰ ਇੱਕ ਪੁਲ ਦੀ ਤਰ੍ਹਾਂ ਕੰਮ ਕਰਾਂਗਾ। ਸਰਕਾਰ ਨੂੰ ਲੋਕਾਂ ਮਸਲਿਆਂ ਪ੍ਰਤੀ ਸੁਚੇਤ ਕਰਾਵਾਂਗਾ। ਹਰ ਹਫ਼ਤੇ ਕੈਬਨਿਟ ਦੀ ਮੀਟਿੰਗ ਵਿੱਚ ਪੰਜਾਬ ਦੇ ਹਿੱਤ ਵਿੱਚ ਇੱਕ ਫ਼ੈਸਲਾ ਜ਼ਰੂਰ ਲਿਆ ਜਾਵੇਗਾ। ਚਾਰ ਹਫ਼ਤਿਆਂ ਵਿੱਚ ਅਜਿਹੇ ਫੈਸਲੇ ਕਰਾਂਗੇ ਕਿ ਵਿਰੋਧੀਆਂ ਦੇ ਛੱਕੇ ਛੁੱਟ ਜਾਣਗੇ।