ਅਰਵਿੰਦ ਕੇਜਰੀਵਾਲ(Arvind Kejriwal) ਦੀ ਸਰਕਾਰ ਅਤੇ ਆਮ ਆਦਮੀ ਪਾਰਟੀ(AAP) ਤੋਂ ਅਸਤੀਫਾ ਦੇਣ ਤੋਂ ਬਾਅਦ ਰਾਜ ਕੁਮਾਰ ਆਨੰਦ (Raj Kumar Anand) ਨੇ ਕਿਹਾ ਕਿ ਮੈਂ ਈ.ਡੀ. ਤੋਂ ਡਰ ਕੇ ਪਾਰਟੀ ਨਹੀਂ ਛੱਡੀ ਹੈ। ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਤੇ ਕੋਈ ਤਲਵਾਰ ਨਹੀਂ ਲਟਕ ਰਹੀ। ਮੈਂ ਜਾਣਦਾ ਹਾਂ ਕਿ ਮੰਤਰੀ ਰੋਜ਼ ਰੋਜ਼ ਨਹੀਂ ਬਣਿਆ ਜਾਂਦਾ।
ਉਨ੍ਹਾਂ ਕਿਹਾ ਕਿ ਈ.ਡੀ. ਨੇ ਮੇਰੇ ਘਰ ਤੇ ਸਿਰਫ ਸ਼ਰਾਬ ਘੁਟਾਲੇ ਦੇ ਪੈਸੇ ਲੱਭਣ ਨੂੰ ਲੈ ਕੇ ਛਾਪਾ ਮਾਰਿਆ ਸੀ। ਈ.ਡੀ. ਨੇ ਮੰਨਿਆ ਕਿ ਮੈਂ ਇੱਕ ਰੁਪਏ ਦਾ ਭ੍ਰਿਸ਼ਟਾਚਾਰ ਨਹੀਂ ਕੀਤਾ। ਉਨ੍ਹਾਂ ਸੌਰਵ ਭਾਰਦਵਾਜ ਦੇ ਦਲਿਤ, ਵਿਚਾਰਾ ਅਤੇ ਕਮਜੋਰ ਕਹਿਣ ਤੇ ਪੁੱਛਿਆ ਕਿ ਕੀ ਸਾਰੇ ਦਲਿਤ ਕਮਜ਼ੋਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਜਰੀਵਾਲ ਸਰਕਾਰ ਜੇਕਰ ਬਣੀ ਹੈ ਤਾਂ ਉਹ ਸਿਰਫ ਦਲਿਤਾਂ ਕਾਰਨ ਬਣੀ ਹੈ। ਉਨ੍ਹਾਂ ਕਿਹਾ ਕਿ ਉਹ ਦਲਿਤਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ।
ਰਾਜ ਕੁਮਾਰ ਆਨੰਦ ਦੇ ਆਮ ਆਦਮੀ ਪਾਰਟੀ ਨੂੰ ਛੱਡਣ ਤੋਂ ਬਾਅਦ ਉਨ੍ਹਾਂ ਦੀਆਂ ਭਾਜਪਾ ਵਿੱਚ ਜਾਣ ਦੀਆਂ ਚਰਚਾਵਾਂ ਤੇਜ਼ ਸਨ। ਜਿਸ ਸੰਬੰਧੀ ਉਨ੍ਹਾਂ ਸ਼ਪੱਸਟੀਕਰਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਈ.ਡੀ ਦੇ ਡਰ ਕਾਰਨ ਪਾਰਟੀ ਨਹੀਂ ਛੱਡੀ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੀ ਨੀਤੀ ਤੋਂ ਪਰੇਸ਼ਾਨ ਹੋਕੇ ਮੈਂ ਅਹੁਦਾ ਛੱਡਿਆ ਹੈ ਅਤੇ ਮੈਨੂੰ ਕਿਸੇ ਪਾਸੇ ਤੋਂ ਵੀ ਆਫ਼ਰ ਨਹੀਂ ਆਈ ਹੈ। ਰਾਜਕੁਮਾਰ ਨੇ ਆਮ ਆਦਮੀ ਪਾਰਟੀ ’ਤੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਪਾਰਟੀ ਦਲਿਤ ਵਿਰੋਧੀ ਹੈ। ਦੱਸ ਦੇਈਏ ਕੁਝ ਦਿਨ ਪਹਿਲਾਂ ਹੀ ਰਾਜਕੁਮਾਰ ਦੇ ਘਰ ਈਡੀ ਨੇ ਰੇਡ ਮਾਰੀ ਸੀ।