ਮੁਹਾਲੀ : ਵੀਰਵਾਰ ਤੜਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ। ਕਈ ਦਿਨਾਂ ਤੋਂ ਅੱਤ ਦੀ ਪੈ ਰਹੀ ਗਰਮੀ ਕਾਰਨ ਲੋਕ ਕਾਫੀ ਪਰੇਸ਼ਾਨ ਸਨ। ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੋਹਾਲੀ ਅਤੇ ਆਸਪਾਸ ਦੇ ਇਲਾਕਿਆਂ ਤੋਂ ਇਲਾਵਾ ਮਾਲਵਾ ਖੇਤਰ ਵਿੱਚ ਮੀਂਹ ਪਿਆ। ਪੂਰੇ ਪੰਜਾਬ ਵਿੱਚ ਕਿਤੇ ਹਲਕਾ ਜਾਂ ਕਿਤੇ ਭਾਰੀ ਮੀਂਹ ਪਿਆ ਹੈ।
ਮੌਸਮ ਵਿਭਾਗ ਦੇ ਅਨੁਸਾਰ ਮਾਨਸਾ, ਸੰਗਰੂਰ , ਬਰਨਾਲਾ, ਪਟਿਆਲਾ, ਫਤਹਿਗੜ੍ਹ ਸਾਹਿਬ, ਮੋਹਾਲੀ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਤਰਨ ਤਾਰਨ, ਲੁਧਿਆਣਾ, ਚੰਡੀਗੜ੍ਹ, ਰੂਪਨਗਰ, ਮੋਗਾ, ਫਿਰੋਜ਼ਪੁਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30-40 kmph) ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਚੰਡੀਗੜ੍ਹ ‘ਚ ਵੀ ਹਲਕਾ ਮੀਂਹ ਪੈ ਰਿਹਾ ਹੈ। ਜਲੰਧਰ ਵਿੱਚ ਮੀਂਹ ਪੈਣ ਕਾਰਨ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਜਲੰਧਰ ਵਿੱਚ ਅਗਲੀ ਸਵੇਰ ਕਰੀਬ ਸਾਢੇ 4 ਵਜੇ ਪਏ ਭਾਰੀ ਮੀਂਹ ਕਾਰਨ ਮਹਾਨਗਰ ਦਾ ਤਾਪਮਾਨ ਵੀ ਥੋੜ੍ਹਾ ਹੇਠਾਂ ਆ ਗਿਆ।
ਦਿੜ੍ਹਬਾ ਇਲਾਕੇ ਵਿਚ ਕੁੱਝ ਥਾਵਾਂ ਤੇ ਭਰਵਾਂ ਮੀਂਹ ਪਿਆ। ਕਸਬਾ ਸੂਲਰ ਘਰਾਟ ਅਤੇ ਨੇੜਲੇ ਇਲਾਕੇ ਵਿਚ ਕਾਫ਼ੀ ਮੀਂਹ ਪਿਆ। ਮੀਂਹ ਕਾਰਨ ਜਿੱਥੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਉੱਥੇ ਕਿਸਾਨ ਨੂੰ ਵੀ ਝੋਨਾ ਲਗਾਉਣ ਵਿਚ ਰਾਹਤ ਮਿਲੀ ਹੈ। ਇਲਾਕੇ ਵਿਚ ਝੋਨਾ ਲਗਾਉਣ ਦਾ ਕੰਮ ਜੋਰਾ ਤੇ ਚੱਲ ਰਿਹਾ ਹੈ।