ਬਿਊਰੋ ਰਿਪੋਰਟ (ਚੰਡੀਗੜ੍ਹ, 11 ਸਤੰਬਰ 2025): ਪੰਜਾਬ ਵਿੱਚ ਅੱਜ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਅਗਲੇ ਪੰਜ ਦਿਨ ਐਸਾ ਹੀ ਮੌਸਮ ਰਹਿਣ ਦਾ ਅਨੁਮਾਨ ਹੈ। ਹਾਲਾਂਕਿ, 13 ਸਤੰਬਰ ਨੂੰ ਸਧਾਰਨ ਮੀਂਹ ਪੈਣ ਦੇ ਆਸਾਰ ਹਨ। ਇਸ ਦੌਰਾਨ ਤਾਪਮਾਨ ਵਿੱਚ ਵੱਡਾ ਬਦਲਾਵ ਨਹੀਂ ਆਵੇਗਾ। ਮੌਸਮ ਸਾਫ਼ ਰਹਿਣ ਕਰਕੇ ਰਾਹਤ ਅਤੇ ਬਚਾਅ ਕੰਮ ਤੇਜ਼ ਹੋ ਗਏ ਹਨ। ਟੁੱਟੇ ਅਤੇ ਕਮਜ਼ੋਰ ਬੰਨ੍ਹਾਂ ਦੀ ਮੁਰੰਮਤ ਤੇਜ਼ੀ ਨਾਲ ਕੀਤੀ ਜਾ ਰਹੀ ਹੈ।
ਬੀਐਸਐਫ ਨੇ ਸਰਹੱਦ ’ਤੇ ਫੈਂਸਿੰਗ ਅਤੇ ਚੌਕੀਆਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਬੀਐਸਐਫ ਦੇ ਏਡੀਜੀ (ਆਈਪੀਐਸ) ਸਤੀਸ਼ ਐਸ. ਖੰਦਾਰੇ ਨੇ ਆਈਜੀ ਬੀਐਸਐਫ ਪੰਜਾਬ (ਆਈਪੀਐਸ) ਡਾ. ਅਤੁਲ ਫੁਲਜੇਲੇ ਦੇ ਨਾਲ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦਾ ਹਵਾਈ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਰਹੱਦ ਨਾਲ ਜੁੜੇ ਇਲਾਕਿਆਂ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਸੁਰੱਖਿਆ ਹਾਲਾਤਾਂ ਦੀ ਸਮੀਖਿਆ ਕੀਤੀ।
ਏਡੀਜੀ ਖੰਦਾਰੇ ਨੇ ਬੀਐਸਐਫ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਸਰਹੱਦ ’ਤੇ ਸੁਰੱਖਿਆ ਤਿਆਰੀਆਂ ਮਜ਼ਬੂਤ ਰੱਖਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਬੀਐਸਐਫ ਜਵਾਨਾਂ ਦੀ ਪ੍ਰਸ਼ੰਸਾ ਕੀਤੀ ਜੋ ਸਥਾਨਕ ਲੋਕਾਂ ਅਤੇ ਪਸ਼ੂਆਂ ਨੂੰ ਮੁਫ਼ਤ ਮੈਡੀਕਲ ਸੁਵਿਧਾ ਦੇ ਰਹੇ ਹਨ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਤੇਜ਼ੀ ਨਾਲ ਰੈਸਕਿਊ ਮੁਹਿੰਮ ਚਲਾ ਰਹੇ ਹਨ।
ਬਾਅਦ ਵਿੱਚ ਜਾਲੰਧਰ ਸਥਿਤ ਬੀਐਸਐਫ ਪੰਜਾਬ ਫਰੰਟੀਅਰ ਮੁੱਖ ਦਫ਼ਤਰ ਵਿੱਚ ਏਡੀਜੀ ਨੇ ਸੁਰੱਖਿਆ ਸਮੀਖਿਆ ਬੈਠਕ ਕੀਤੀ। ਇਸ ਵਿੱਚ ਸਰਹੱਦ ’ਤੇ ਮੌਜੂਦਾ ਚੁਣੌਤੀਆਂ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਚੱਲ ਰਹੇ ਰਾਹਤ ਅਤੇ ਬਚਾਅ ਕੰਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।