‘ਦ ਖ਼ਾਲਸ ਬਿਊਰੋ : ਉੱਤਰੀ ਭਾਰਤ ਵਿੱਚ ਇੱਕ-ਦੋ ਦਿਨ ਧੁੱਪ ਨਿਕਲਣ ਮਗਰੋਂ ਫਿਰ ਤੋਂ ਪੈ ਰਹੀ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਫੇਰ ਠਾਰ ਦਿਤਾ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਫਰਵਰੀ ਦੇ ਪਹਿਲੇ ਹਫ਼ਤੇ ਤਾਪਮਾਨ ਆਮ ਨਾਲੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਭਾਗ ਅਨੁਸਾਰ 2 ਤੋਂ 4 ਫਰਵਰੀ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਉੱਤਰ-ਪੱਛਮੀ ਭਾਰਤ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦਾ ਅੰਦੇਸ਼ਾ ਹੈ। ਮੌਸਮ ਵਿੱਚ ਇਸ ਖਰਾਬੀ ਦਾ ਕਾਰਣ ਤਾਜ਼ਾ ਸਰਗਰਮ ਪੱਛਮੀ ਗੜਬੜੀ ਦੇ ਪ੍ਰਭਾਵ ਨੂੰ ਮੰਨਿਆ ਜਾ ਰਿਹਾ ਹੈ। ਇਸ ਕਾਰਣ ਅਗਲੇ 48 ਘੰਟਿਆਂ ਦੌਰਾਨ ਪੰਜਾਬ, ਹਰਿਆਣਾ ਵਿੱਚ ਸੀਤ ਲਹਿਰ ਵਰਗੀ ਸਥਿਤੀ ਬਣੀ ਰਹੇਗੀ ਅਤੇ ਇਸ ਤੋਂ ਬਾਅਦ ਠੰਢ ਘੱਟਣ ਦੀ ਸੰਭਾਵਨਾ ਹੈ। ਜਦੋਂ ਕਿ ਆਉਂਦੇ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵੱਖ-ਵੱਖ ਖੇਤਰਾਂ ਵਿੱਚ ਗੜੇ ਪੈ ਸਕਦੇ ਹਨ।