Punjab

ਮੁਹਾਲੀ, ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪਿਆ ਮੀਂਹ, ਬਦਲਿਆ ਮੌਸਮ ਦਾ ਮਿਜਾਜ਼

Mohali News : ਅੱਜ ਸਵੇਰੇ ਤੜਕੇ ਤੋਂ ਹੀ ਮੁਹਾਲੀ, ਚੰਡੀਗੜ੍ਹ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਹਲਕਾ ਅਤੇ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ।

ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਗਰਜ-ਤੂਫਾਨ ਅਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। 20 ਜੂਨ ਤੱਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਗਰਜ-ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਮਾਨਸੂਨ ਦੀ ਗਤੀ ਚੰਗੀ ਹੈ, ਜਿਸ ਕਾਰਨ ਅਨੁਮਾਨ ਹੈ ਕਿ 25 ਤੋਂ 30 ਜੂਨ ਦੇ ਵਿਚਕਾਰ ਪੰਜਾਬ ਵਿੱਚ ਮਾਨਸੂਨ ਦਸਤਕ ਦੇਵੇਗਾ।

ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ ਦਾ ਪ੍ਰਭਾਵ ਦੇਖਿਆ ਜਾ ਰਿਹਾ ਹੈ। ਜਿਸ ਨੇ ਪੰਜਾਬ ਦੇ 8 ਜ਼ਿਲ੍ਹਿਆਂ, ਪਟਿਆਲਾ, ਮੋਹਾਲੀ, ਰੂਪਨਗਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਇੱਥੇ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਅਨੁਸਾਰ, ਹੌਲੀ-ਹੌਲੀ ਹੁਸ਼ਿਆਰਪੁਰ, ਮੋਹਾਲੀ, ਪਠਾਨਕੋਟ, ਨਵਾਂਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਫਿਰ ਤੋਂ ਸਰਗਰਮ ਹੋ ਸਕਦਾ ਹੈ।