ਉੱਤਰ-ਪੱਛਮੀ ਭਾਰਤ ਵਿੱਚ ਇਸ ਹਫਤੇ ਦੇ ਅੰਤ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਥੋਂ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। ਉੱਤਰੀ ਪੱਛਮੀ ਭਾਰਤ ਵਿਚ ਪੱਛਮੀ ਗੜਬੜੀ ਕਾਰਨ 9 ਮਈ ਤੋਂ ਮੌਸਮ ਬਦਲੇਗਾ। ਭਾਰਤ ਦੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 9 ਤੋਂ 12 ਮਈ ਤੱਕ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਜੰਮੂ, ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਿੱਚ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਤੇਜ਼ ਮੀਂਹ ਵੀ ਪੈ ਸਕਦਾ ਹੈ।
ਪੰਜਾਬ ਵਿਚ ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਸਮਰਾਲਾ ਵਿਚ 40.9 ਡਿਗਰੀ ਸੈਲਸੀਅਸ ਤੇ ਗੁਰਦਾਸਪੁਰ ਵਿਚ 36 ਡਿਗਰੀ ਸੈਲਸੀਅਸ ਦਰਮਿਆਨ ਦਰਜ ਕੀਤਾ ਗਿਆ ਜੋ ਕੁਝ ਥਾਵਾਂ ’ਤੇ ਆਮ ਨਾਲੋਂ ਦੋ ਡਿਗਰੀ ਵੱਧ ਸੀ।
ਇਸ ਤੋਂ ਇਲਾਵਾ ਜਲੰਧਰ ਖੇਤਰ ਵਿਚ ਅੱਜ ਲੂ ਚੱਲੀ ਤੇ ਤਾਪਮਾਨ 41 ਡਿਗਰੀ ਤੱਕ ਪੁੱਜ ਗਿਆ ਜਿਸ ਕਾਰਨ ਲੋਕਾਂ ਦੇ ਜਨਜੀਵਨ ’ਤੇ ਕਾਫੀ ਅਸਰ ਪਿਆ। ਗਰਮੀ ਜ਼ਿਆਦਾ ਹੋਣ ਕਾਰਨ ਬਾਜ਼ਾਰਾਂ ਵਿਚ ਘੱਟ ਹੀ ਗਾਹਕ ਆਏ। ਇਸ ਤੋਂ ਇਲਾਵਾ ਉਮੀਦਵਾਰਾਂ ਦੇ ਸਮਰਥਕ ਵੀ ਗਰਮੀ ਕਾਰਨ ਦਿਨ ਦੀ ਥਾਂ ਅੱਜ ਸ਼ਾਮ ਨੂੰ ਪ੍ਰਚਾਰ ਕਰਦੇ ਦੇਖੇ ਗਏ। ਇਸ ਤੋਂ ਇਲਾਵਾ ਲੋਕ ਘਰਾਂ ਤੋਂ ਘੱਟ ਹੀ ਨਿਕਲੇ। ਡਾਕਟਰਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਲੂ ਤੋਂ ਬਚਣ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਗਰਮੀ ਵਧਣ ਕਾਰਨ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਤੇ ਘਰ ਤੋਂ ਨਿਕਲਣ ਤੋਂ ਪਹਿਲਾਂ ਪਾਣੀ ਜ਼ਰੂਰ ਪੀਤਾ ਜਾਵੇ। ਇਸ ਤੋਂ ਇਲਾਵਾ ਸੂਤੀ ਅਤੇ ਖੁੱਲ੍ਹੇ ਕੱਪੜੇ ਪਾਏ ਜਾਣ ਤੇ ਖਰਬੂਜ਼ਾ ਅਤੇ ਤਰਬੂਜ਼ ਦਾ ਸੇਵਨ ਕੀਤਾ ਜਾਵੇ। ਡਾਕਟਰਾਂ ਦਾ ਕਹਿਣਾ ਹੈ ਕਿ ਫਾਸਟ ਫੂਡ ਤੇ ਤੇਲ ਵਾਲੀਆਂ ਚੀਜ਼ਾਂ ਦਾ ਘੱਟ ਸੇਵਨ ਕੀਤਾ ਜਾਵੇ। ਇਸ ਤੋਂ ਇਲਾਵਾ ਕਿਸਾਨ ਵੀ ਕਣਕ ਦੀ ਵਾਢੀ ਲਈ ਹੁਣ ਸਵੇਰ ਜਾਂ ਸ਼ਾਮ ਦੇ ਸਮੇਂ ਨੂੰ ਤਰਜੀਹ ਦੇ ਰਹੇ ਹਨ।