Punjab

ਮੀਂਹ ਰਾਹਤ ਦੇ ਨਾਲ ਮੁਸੀਬਤ ਲੈ ਕੇ ਆਇਆ !

Rain brought trouble with relief!

‘ਦ ਖ਼ਾਲਸ ਬਿਊਰੋ : ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਪਏ ਮੀਂਹ ਨੇ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਜਿੱਥੇ ਰਾਹਤ ਦਿੱਤੀ ਹੈ, ਉੱਥੇ ਹੀ ਕਿਸਾਨਾਂ ਦੀਆਂ ਚਿੰਤਾਵਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਕਣਕ ਦੀ ਵਾਢੀ ਦਾ ਸੀਜ਼ਨ ਹੋਣ ਕਾਰਨ ਕਿਸਾਨ ਪਰੇਸ਼ਾਨ ਤੇ ਫਿਕਰਮੰਦ ਹਨ। ਕਈ ਥਾਵਾਂ ’ਤੇ ਮੰਡੀਆਂ ’ਚ ਲਿਆਂਦੀ ਕਣਕ ਅਸਮਾਨ ਹੇਠ ਪਈ ਹੋਣ ਕਾਰਨ ਭਿੱਜ ਗਈ ਹੈ।

ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਬਠਿੰਡਾ, ਮਾਨਸਾ, ਫਰੀਦਕੋਟ, ਹੁਸ਼ਿਆਰਪੁਰ, ਜਲੰਧਰ ਅਤੇ ਰੂਪਨਗਰ ਵਿੱਚ ਮੀਂਹ ਰਿਕਾਰਡ ਕੀਤਾ ਗਿਆ ਹੈ। ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ ਅਤੇ ਪੰਚਕੂਲਾ ਵਿੱਚ ਵੀ ਹਲਕਾ ਮੀਂਹ ਪਿਆ, ਦੋਵੇਂ ਰਾਜਾਂ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਿਕਾਰਡ ਕੀਤਾ ਜਾ ਰਿਹਾ ਸੀ ਪਰ ਹੁਣ ਪਾਰਾ ਥੋੜਾ ਡਿੱਗਿਆ ਹੈ।

ਮੰਗਲਵਾਰ ਨੂੰ ਦੇਸ਼ ਦੇ ਪੂਰਬੀ, ਉੱਤਰ-ਪੂਰਬ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਖੇਤਰਾਂ ਵਿੱਚ ਤਾਪਮਾਨ ਆਮ ਨਾਲੋਂ 3 ਤੋਂ 5 ਡਿਗਰੀ ਸੈਲਸੀਅਸ ਵੱਧ ਰਿਹਾ। ਦਿੱਲੀ ਦੇ ਪ੍ਰਾਇਮਰੀ ਮੌਸਮ ਸਟੇਸ਼ਨ, ਸਫਦਰਜੰਗ ਆਬਜ਼ਰਵੇਟਰੀ ਦਾ ਵੱਧ ਤੋਂ ਵੱਧ ਤਾਪਮਾਨ 40.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਚਾਰ ਡਿਗਰੀ ਵੱਧ ਹੈ। ਇਹ ਲਗਾਤਾਰ ਚੌਥਾ ਦਿਨ ਸੀ ਜਦੋਂ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਸੀ। ਹਾਲਾਂਕਿ ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਕੁਝ ਹਿੱਸਿਆਂ ਵਿੱਚ ਬੁੱਧਵਾਰ ਨੂੰ ਬੱਦਲ ਛਾਏ ਰਹਿਣ ਤੇ 21 ਅਪ੍ਰੈਲ ਤੱਕ ਹਲਕੇ ਤੋ ਗਰਮਿਆਨੇ ਮੀਂਹ ਨਾਲ ਕਿਤੇ ਕਿਤੇ ਗੜੇਮਾਰੀ ਦੀ ਪੇਸ਼ੀਨਗੋਈ ਹੈ। ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਹਿਮਾਲੀਆਈ ਖੇਤਰ ਵਿੱਚ ਕੁਝ ਹਿਲਜੁਲ ਕਾਰਨ ਮੰਗਲਵਾਰ ਤੋਂ ਆਉਣ ਵਾਲੇ ਦਿਨਾਂ ਵਿੱਚ ਉੱਤਰ ਪੱਛਮੀ ਮੈਦਾਨੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।