Punjab

ਪੰਜਾਬ ‘ਚ 4 ਜ਼ਿਲ੍ਹਿਆਂ ਵਿੱਚ ਬਾਰਿਸ਼ ਦਾ ਅਲਰਟ, ਪਟਿਆਲਾ, ਫਤਿਹਗੜ੍ਹ ਸਾਹਿਬ ਦੇ ਕਈ ਇਲਾਕਿਆਂ ‘ਚ ਪਿਆ ਮੀਂਹ

ਮੁਹਾਲੀ : ਪੰਜਾਬ ਵਿੱਚ ਬੀਤੇ ਦਿਨੀ ਧੁੱਪ ਅਤੇ ਗਰਮੀ ਤੋਂ ਬਾਅਦ ਅੱਜ ਲੋਕਾਂ ਨੂੰ ਵੱਡੀ ਰਾਹਤ ਹੈ। ਦਰਅਸਲ ਪੰਜਾਬ ਵਿੱਚ ਸਵੇਰ ਤੋਂ ਬੱਦਲ ਛਾਏ ਹੋਏ ਹਨ। ਕਈ ਜ਼ਿਲ੍ਹਿਆਂ ਵਿੱਚ ਕੱਲ ਸਵੇਰ ਤੋਂ ਕਿਤੇ ਹਲਕਾ ਤਾਂ ਕਿਤੇ ਭਾਰੀ ਮੀਂਹ ਪੈ ਰਿਹੈ ਹੈ। ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਮੁਹਾਲੀ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ।

ਇਸ ਦੇ ਨਾਲ ਹੀ ਅੱਜ ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।ਪੰਜਾਬ ‘ਚ ਮਾਨਸੂਨ ਦੀ ਰਫ਼ਤਾਰ ਮੱਠੀ ਹੁੰਦੀ ਨਜ਼ਰ ਆ ਰਹੀ ਹੈ। ਪੰਜਾਬ ਲਈ ਮੌਸਮ ਵਿਗਿਆਨ ਕੇਂਦਰ  (IMD) ਵੱਲੋਂ ਅਗਲੇ 6 ਦਿਨਾਂ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਸਵੇਰ ਤੋਂ ਹੀ ਹਲਕੀ ਬਾਰਿਸ਼ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਮੌਸਮ ਸੁਹਾਵਨਾ ਹੋ ਗਿਆ ਹੈ।

4 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਵਿੱਚ ਸਵੇਰੇ 8.30 ਵਜੇ ਤੱਕ ਫਲੈਸ਼ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ‘ਚ ਹਲਕੀ ਬੱਦਲਵਾਈ ਕਾਰਨ ਵੱਧ ਤੋਂ ਵੱਧ ਤਾਪਮਾਨ ‘ਚ 0.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਅੰਮ੍ਰਿਤਸਰ ਵਿੱਚ 37.3 ਡਿਗਰੀ ਦਰਜ ਕੀਤਾ ਗਿਆ।

ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਅੱਜ  ਆਮ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਹੋਰ 16 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ 25-26 ਅਗਸਤ ਨੂੰ ਵੀ ਆਮ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ 27 ਅਗਸਤ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਮੌਸਮ ਵਿਭਾਗ ਭਵਿੱਖਬਾਣੀ ਕਰ ਰਿਹਾ ਸੀ ਕਿ 29 ਅਗਸਤ  ਤੱਕ ਪੰਜਾਬ ਵਿੱਚ ਕਿਤੇ ਵੀ ਮੀਂਹ ਨਹੀਂ ਪਵੇਗਾ ਪਰ ਮੌ,ਮ ਵਿਭਾਗ ਦੀ ਭਵਿੱਖਬਾਣੀ ਗਲਤ ਸਾਬਿਤ ਹੋ ਰਹੀ ਹੈ ਕਿਉਂਕਿ ਕੱਲ੍ਹ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਹੈ।