Others Punjab

ਪੰਜਾਬ ਦੇ 3 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਕਈ ਥਾਵਾਂ ‘ਤੇ ਪਈ ਹਲਕੀ ਧੁੰਦ

ਪੰਜਾਬ ਦੇ ਤਿੰਨ ਜ਼ਿਲ੍ਹਿਆਂ—ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਅੱਜ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਬਾਰਿਸ਼ ਦਾ ਅਸਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ’ਤੇ ਵੀ ਪੈ ਰਿਹਾ ਹੈ। ਅੱਜ ਸਵੇਰੇ ਫਤਿਹਗੜ੍ਹ ਸਾਹਿਬ ਅਤੇ ਮੁਹਾਲੀ ਦੇ ਕਈ ਖੇਤਰਾਂ ਵਿੱਚ ਹਲਕੀ ਧੁੰਦ ਦੇਖੀ ਗਈ।

ਬੀਤੇ ਦਿਨ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਈ, ਪਰ ਸੂਬੇ ਦੇ ਔਸਤ ਤਾਪਮਾਨ ਵਿੱਚ 3.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਅੱਜ ਵੀ ਤਾਪਮਾਨ ਵਧਣ ਦੀ ਸੰਭਾਵਨਾ ਹੈ।

ਮੌਸਮ ਵਿਗਿਆਨ ਕੇਂਦਰ ਮੁਤਾਬਕ, ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ, ਜਿਸ ਵਿੱਚ ਬਠਿੰਡਾ ਵਿੱਚ ਸਭ ਤੋਂ ਵੱਧ 36.5 ਡਿਗਰੀ, ਅੰਮ੍ਰਿਤਸਰ ਵਿੱਚ 30.9 ਡਿਗਰੀ, ਲੁਧਿਆਣਾ ਵਿੱਚ 32.8 ਡਿਗਰੀ, ਪਟਿਆਲਾ ਵਿੱਚ 33.6 ਡਿਗਰੀ ਅਤੇ ਗੁਰਦਾਸਪੁਰ ਵਿੱਚ 31 ਡਿਗਰੀ ਦਰਜ ਕੀਤਾ ਗਿਆ। ਬੀਤੇ ਦਿਨ ਸ਼ਾਮ 5:30 ਵਜੇ ਤੱਕ ਗੁਰਦਾਸਪੁਰ ਵਿੱਚ 57.2 ਮਿਮੀ, ਲੁਧਿਆਣਾ ਵਿੱਚ 30.6 ਮਿਮੀ, ਫਿਰੋਜ਼ਪੁਰ ਵਿੱਚ 16 ਮਿਮੀ, ਪਠਾਨਕੋਟ ਵਿੱਚ 7.5 ਮਿਮੀ, ਅੰਮ੍ਰਿਤਸਰ ਵਿੱਚ 4.8 ਮਿਮੀ, ਹੁਸ਼ਿਆਰਪੁਰ ਵਿੱਚ 4 ਮਿਮੀ ਅਤੇ ਮੁਹਾਲੀ ਵਿੱਚ 2 ਮਿਮੀ ਬਾਰਿਸ਼ ਦਰਜ ਕੀਤੀ ਗਈ।

ਅਗਲੇ ਤਿੰਨ ਦਿਨ ਮੌਸਮ ਆਮ ਰਹੇਗਾ, ਪਰ 28 ਜੁਲਾਈ ਤੋਂ ਬਾਰਿਸ਼ ਦਾ ਨਵਾਂ ਦੌਰ ਸ਼ੁਰੂ ਹੋਵੇਗਾ, ਖਾਸਕਰ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ।