ਚੰਡੀਗੜ੍ਹ (17 ਮਾਰਚ, 2026): ਦੇਸ਼ ਭਰ ਵਿੱਚ ਪਿਛਲੇ ਦੋ ਦਿਨਾਂ ਤੋਂ ਚੱਲ ਰਹੀਆਂ ਤੇਜ਼ ਹਵਾਵਾਂ, ਮੀਂਹ ਅਤੇ ਗੜੇਮਾਰੀ ਨੇ ਜਨਜੀਵਨ ਪ੍ਰਭਾਵਿਤ ਕੀਤਾ ਹੈ। ਮੌਸਮ ਵਿਭਾਗ (IMD) ਨੇ ਅੱਜ ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਛੱਤੀਸਗੜ੍ਹ ਅਤੇ ਦੱਖਣੀ ਭਾਰਤ ਦੇ ਸੂਬਿਆਂ ਸਮੇਤ ਕੁੱਲ 16-17 ਰਾਜਾਂ ਵਿੱਚ ਹਨ੍ਹੇਰੀ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਪਹਾੜਾਂ ਵਿੱਚ ਮੁੜੀ ਸਰਦੀ
ਉੱਤਰੀ ਸੂਬਿਆਂ ਜੰਮੂ-ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ਵਿੱਚ ਮਾਰਚ ਮਹੀਨੇ ਹੋ ਰਹੀ ਬਰਫ਼ਬਾਰੀ ਕਾਰਨ ਸਰਦੀ ਮੁੜ ਆਈ ਹੈ। ਬਰਫ਼ਬਾਰੀ ਕਾਰਨ ਸ੍ਰੀਨਗਰ-ਲੇਹ ਹਾਈਵੇਅ ਸਮੇਤ ਕਈ ਅਹਿਮ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉੱਤਰਾਖੰਡ ਦੇ ਬਦਰੀਨਾਥ ਧਾਮ ਵਿੱਚ ਬਰਫ਼ ਦੀ ਮੋਟੀ ਚਾਦਰ ਵਿਛ ਗਈ ਹੈ, ਜਦੋਂ ਕਿ ਕੇਦਾਰਨਾਥ ਵਿੱਚ ਤਾਪਮਾਨ ਮਨਫ਼ੀ 11 ਡਿਗਰੀ (-11°C) ਤੱਕ ਪਹੁੰਚ ਗਿਆ ਹੈ। ਗੰਗੋਤਰੀ ਅਤੇ ਯਮੁਨੋਤਰੀ ਵਿੱਚ ਵੀ ਲਗਾਤਾਰ ਬਰਫ਼ਬਾਰੀ ਜਾਰੀ ਹੈ।
ਯੂਪੀ ਵਿੱਚ ਹਾਦਸੇ
ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਤੇਜ਼ ਹਨੇਰੀ ਕਾਰਨ ਟੀਨ ਦੀ ਛੱਤ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਮੁਜ਼ੱਫਰਨਗਰ ਅਤੇ ਬਿਜਨੌਰ ਵਿੱਚ ਵੀ ਭਾਰੀ ਬਾਰਿਸ਼ ਅਤੇ ਗੜੇਮਾਰੀ ਕਾਰਨ ਦਰੱਖ਼ਤ ਉੱਖੜ ਗਏ ਹਨ।
ਪੰਜਾਬ-ਹਰਿਆਣਾ ਵਿੱਚ ਵਧੇਗਾ ਤਾਪਮਾਨ
ਦੂਜੇ ਪਾਸੇ, ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਲਈ ਅੱਜ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ। ਇਨ੍ਹਾਂ ਇਲਾਕਿਆਂ ਵਿੱਚ ਅੱਜ ਤੋਂ ਤਾਪਮਾਨ ਵਿੱਚ ਮੁੜ ਵਾਧਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, 18 ਅਤੇ 19 ਮਾਰਚ ਨੂੰ ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ ਮੁੜ ਭਾਰੀ ਮੀਂਹ ਅਤੇ ਗੜੇਮਾਰੀ ਦਾ ਖ਼ਦਸ਼ਾ ਜਤਾਇਆ ਗਿਆ ਹੈ।

