ਪਾਣੀ ਦਾ ਪੱਧਰ ਵੱਧਣ ਤੋਂ ਬਾਅਦ ਰੇਲਵੇ ਵੱਲੋਂ ਚੱਕੀ ਬ੍ਰਿਜ ਨੂੰ ਅਸੁਰੱਖਿਅਤ ਐਲਾਨ ਦਿੱਤਾ ਗਿਆ
‘ਦ ਖ਼ਾਲਸ ਬਿਊਰੋ : ਪਾਣੀ ਦਾ ਪੱਧਰ ਵੱਧਣ ਦੀ ਵਜ੍ਹਾ ਕਰਕੇ ਚੱਕੀ ਬ੍ਰਿਜ ਨੂੰ ਪਹਿਲਾਂ ਆਰਜੀ ਤੋਰ ‘ਤੇ ਰੇਲਵੇ ਵੱਲੋਂ ਬੰਦ ਕੀਤਾ ਗਿਆ ਸੀ ਪਰ ਹੁਣ ਇਸ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਗਿਆ ਹੈ। ਰੇਲਵੇ ਦੇ ਇਸ ਫੈਸਲਾ ਨਾਲ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਲੋਕਾਂ ਦਾ ਪਠਾਨਕੋਟ ਨਾਲ ਰੇਲ ਸੰਪਰਕ ਹੁਣ ਪੂਰੀ ਤਰ੍ਹਾਂ ਟੁੱਟ ਗਿਆ ਹੈ। ਪਠਾਨਕੋਟ ਅਤੇ ਜੋਗਿੰਦਰ ਨਗਰ ਵਿੱਚ ਨੈਰੋ ਗੇਜ ਲਾਈਨ ਵਿਛੀ ਹੋਈ ਹੈ ਪਰ ਚੱਕੀ ਬ੍ਰਿਜ ਨੂੰ ਰੇਲਵੇ ਵੱਲੋਂ ਅਸੁਰੱਖਿਅਤ ਐਲਾਨ ਦੇਣ ਤੋਂ ਬਾਅਦ ਹੁਣ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ।
ਟੈਕਨੀਕਲ ਟੀਮ ਨੇ ਲਿਆ ਫੈਸਲਾ
ਫਿਰੋਜ਼ਪੁਰ ਡਿਵੀਜ਼ਨ ਦੀ ਟੈਕਨੀਕਲ ਟੀਮ ਨੇ ਚੱਕੀ ਬ੍ਰਿਜ ਦਾ ਨਰੀਖਣ ਕੀਤਾ ਜਿਸ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਬ੍ਰਿਜ ਦੀ ਹਾਲਤ ਬੁਰੀ ਹੈ ਅਤੇ ਇਸ ਨੂੰ ਮੁੜ ਤੋਂ ਬਣਾਇਆ ਜਾਵੇ। ਰੇਲਵੇ ਵੱਲੋਂ ਬ੍ਰਿਜ ਦੇ ਦੋਵੇ ਪਾਸਿਆਂ ਤੋਂ ਫੈਨਸਿੰਗ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੈਦਲ ਵੀ ਇਸ ਬ੍ਰਿਜ ਤੋਂ ਨਾ ਜਾਣ,ਇਸ ਤੋਂ ਪਹਿਲਾਂ ਰੇਲਵੇ ਨੇ ਮਾਨਸੂਨ ਦੀ ਬਾਰਸ਼ ਅਤੇ ਰੇਲਵੇ ਟ੍ਰੈਕ ‘ਤੇ ਢਿੱਗਾਂ ਡਿੱਗਣ ਦੇ ਖਤਰੇ ਨੂੰ ਦੇਖਦੇ ਹੋਏ ਜੁਲਾਈ ਵਿੱਚ ਤਿੰਨ ਨਾਈਟ ਅੱਪ ਅਤੇ ਡਾਊਨ ਟਰੇਨਾਂ ਨੂੰ ਮੁਅੱਤਲ ਕਰ ਦਿੱਤਾ ਸੀ ਪਰ ਬਾਅਦ ਵਿੱਚ 17 ਜੁਲਾਈ ਨੂੰ ਚੱਕੀ ਰੇਲਵੇ ਪੁਲ ਦੀ ਖਸਤਾ ਹਾਲਤ ਕਾਰਨ ਬਾਕੀ ਸਾਰੀਆਂ ਚਾਰ ਅੱਪ ਅਤੇ ਡਾਊਨ ਡੇਅ ਟਾਈਮ ਟਰੇਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਨਜਾਇਜ਼ ਮਾਇਨਿੰਗ ਨਾਲ ਪੁੱਲ ਨੂੰ ਨੁਕਸਾਨ
ਚੱਕੀ ਬ੍ਰਿਜ ਦੇ ਆਲੇ-ਦੁਆਲੇ ਹੋ ਰਹੀ ਬੇਰੋਕ ਨਜਾਇਜ਼ ਮਾਈਨਿੰਗ ਦੀ ਵਜ੍ਹਾ ਕਰਕੇ ਪੁੱਲ ਦੇ ਸਹਾਇਕ ਖੰਭਿਆਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ ਆਲੇ ਦੁਆਲੇ ਦੀਆਂ ਵੀ ਕਮਜ਼ੋਰ ਹੋ ਗਈਆਂ ਸੀ। ਰੇਲਵੇ ਵੱਲੋਂ ਪਿਛਲੇ 10 ਸਾਲ ਦੌਰਾਨ ਕਈ ਵਾਰ ਖੰਭਿਆਂ ਦੀ ਮੁਰੰਮਤ ‘ਤੇ ਲੱਖਾਂ ਰੁਪਏ ਖਰਚ ਕੀਤੇ ਪਰ 90 ਸਾਲ ਤੋਂ ਵੱਧ ਪੁਰਾਣੇ ਪੁੱਲ ਨੂੰ ਮੁੜ ਤੋਂ ਬਣਾਉਣ ਦੀ ਕੋਈ ਯੋਜਨਾ ਤਿਆਰ ਨਹੀਂ ਹੋਈ ਸੀ। ਹੁਣ ਖ਼ਤਰੇ ਨੂੰ ਵੇਖ ਦੇ ਹੋਏ ਰੇਲਵੇ ਦੀ ਟੈਕਨੀਕਲ ਟੀਮ ਨੇ ਇਸ ਦੀ ਮੁੜ ਤੋਂ ਉਸਾਰੀ ਕਰਨ ਦਾ ਫੈਸਲਾ ਲਿਆ ਹੈ।