ਦਿੱਲੀ : ਕਾਂਗਰਸ ਨੇਤਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ‘ਤੇ ਤਿੱਖੇ ਦੋਸ਼ ਲਗਾਏ, ਦਾਅਵਾ ਕਰਦਿਆਂ ਕਿ ਵੋਟਰ ਸੂਚੀਆਂ ਵਿੱਚ ਵੱਡੇ ਪੱਧਰ ‘ਤੇ ਧਾਂਦਲੀ ਹੋਈ, ਜਿਸ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਫਾਇਦਾ ਮਿਲਿਆ। ਉਨ੍ਹਾਂ ਨੇ ਕਰਨਾਟਕ ਦੇ ਮਹਾਦੇਵਪੁਰਾ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਦਾ ਡੇਟਾ ਪੇਸ਼ ਕੀਤਾ, ਜਿਸ ਨੂੰ ‘ਵੋਟ ਚੋਰੀ’ ਦਾ ਸਬੂਤ ਦੱਸਿਆ।
ਰਾਹੁਲ ਨੇ ਕਿਹਾ ਕਿ ਇਸ ਸਬੂਤ ਨੂੰ ਇਕੱਠਾ ਕਰਨ ਵਿੱਚ ਉਨ੍ਹਾਂ ਦੀ ਟੀਮ ਨੂੰ ਛੇ ਮਹੀਨੇ ਲੱਗੇ। ਉਨ੍ਹਾਂ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਵੋਟਰ ਸੂਚੀਆਂ ਦਾ ‘ਮਸ਼ੀਨ ਰੀਡੇਬਲ’ ਡੇਟਾ ਪ੍ਰਦਾਨ ਨਹੀਂ ਕਰਦਾ, ਜਿਸ ਨਾਲ ਧਾਂਦਲੀ ਨੂੰ ਲੁਕਾਇਆ ਜਾ ਸਕਦਾ ਹੈ।ਰਾਹੁਲ ਨੇ ਦਾਅਵਾ ਕੀਤਾ ਕਿ ਮਹਾਦੇਵਪੁਰਾ ਵਿੱਚ ਲੋਕ ਸਭਾ ਚੋਣਾਂ ਦੌਰਾਨ 1,00,250 ਵੋਟਾਂ ਦੀ ਚੋਰੀ ਹੋਈ। ਉਨ੍ਹਾਂ ਨੇ ਕਿਹਾ ਕਿ ਇੱਕ ਪਤੇ ‘ਤੇ 50-50 ਵੋਟਰ ਦਰਜ ਸਨ ਅਤੇ ਕਈ ਮਾਮਲਿਆਂ ਵਿੱਚ ਨਾਮ ਇੱਕੋ ਜਿਹੇ ਪਰ ਫੋਟੋਆਂ ਵੱਖਰੀਆਂ ਸਨ।
ਉਨ੍ਹਾਂ ਨੇ ਸੰਵਿਧਾਨਕ ਸਿਧਾਂਤ ‘ਇੱਕ ਵਿਅਕਤੀ, ਇੱਕ ਵੋਟ’ ਦੀ ਸੁਰੱਖਿਆ ‘ਤੇ ਸਵਾਲ ਉਠਾਏ। ਬੰਗਲੁਰੂ ਕੇਂਦਰੀ ਲੋਕ ਸਭਾ ਸੀਟ ਦੇ ਸੱਤ ਵਿਧਾਨ ਸਭਾ ਹਲਕਿਆਂ ਵਿੱਚੋਂ ਛੇ ਵਿੱਚ ਭਾਜਪਾ ਪਿੱਛੇ ਸੀ, ਪਰ ਮਹਾਦੇਵਪੁਰਾ ਵਿੱਚ ਉਸ ਨੂੰ ਵੱਡੀ ਲੀਡ ਮਿਲੀ।
ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ, ਰਾਹੁਲ ਨੇ ਕਿਹਾ ਕਿ ਸਰਵੇਖਣ ਅਤੇ ਨਤੀਜਿਆਂ ਵਿੱਚ ਅੰਤਰ ਸ਼ੱਕ ਪੈਦਾ ਕਰਦਾ ਹੈ। ਮਹਾਰਾਸ਼ਟਰ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਪੰਜ ਮਹੀਨਿਆਂ ਵਿੱਚ ਇੱਕ ਕਰੋੜ ਵੋਟਰ ਵਧਾਏ ਗਏ, ਜੋ ਅਸਧਾਰਨ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ‘ਤੇ ਮਿਲੀਭੁਗਤ ਦਾ ਦੋਸ਼ ਲਗਾਇਆ ਅਤੇ 1 ਅਗਸਤ ਨੂੰ ‘ਵੋਟ ਚੋਰੀ’ ਦੇ ਪੱਕੇ ਸਬੂਤਾਂ ਦੀ ਗੱਲ ਕੀਤੀ, ਜਿਸ ਨੂੰ ਕਮਿਸ਼ਨ ਨੇ ਬੇਬੁਨਿਆਦ ਕਰਾਰ ਦਿੱਤਾ ਅਤੇ ਰਾਹੁਲ ‘ਤੇ ਧਮਕੀਆਂ ਦੇਣ ਦਾ ਇਲਜ਼ਾਮ ਲਗਾਇਆ।
ਉਨ੍ਹਾਂ ਦੇ ਅਨੁਸਾਰ, ਚੋਣ ਕਮਿਸ਼ਨ ਨੇ ‘ਮਸ਼ੀਨ ਰੀਡੇਬਲ’ ਵੋਟਰ ਸੂਚੀ ਦੇਣ ਤੋਂ ਇਨਕਾਰ ਕਰ ਦਿੱਤਾ।ਰਾਹੁਲ ਗਾਂਧੀ ਨੇ ਕਿਹਾ, “ਪਹਿਲਾਂ ਸਾਡੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਭਾਜਪਾ ਨਾਲ ਮਿਲੀਭੁਗਤ ਕਰਕੇ ਧਾਂਦਲੀ ਕੀਤੀ ਜਾ ਰਹੀ ਹੈ… ਇਸ ਤੋਂ ਬਾਅਦ ਅਸੀਂ ਪਤਾ ਲਗਾਉਣ ਦਾ ਫੈਸਲਾ ਕੀਤਾ।”