ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਯਾਤਰਾ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਿਰੋਧੀ ਧਿਰ ਨੂੰ ਵਿਦੇਸ਼ੀ ਮਹਿਮਾਨਾਂ ਨਾਲ ਮਿਲਣ ਨਹੀਂ ਦਿੰਦੀ, ਜਦਕਿ ਵਾਜਪੇਈ ਤੇ ਮਨਮੋਹਨ ਸਿੰਘ ਦੀਆਂ ਸਰਕਾਰਾਂ ਸਮੇਂ ਵਿਦੇਸ਼ੀ ਮੇਜ਼ਬਾਨ ਵਿਰੋਧੀ ਧਿਰ ਦੇ ਨੇਤਾ ਨੂੰ ਜ਼ਰੂਰ ਮਿਲਦੇ ਸਨ।
ਰਾਹੁਲ ਨੇ ਇਸ ਨੂੰ “ਸਰਕਾਰ ਦੀ ਅਸੁਰੱਖਿਆ” ਕਰਾਰ ਦਿੱਤਾ। ਉਨ੍ਹਾਂ ਕਿਹਾ, “ਵਿਰੋਧੀ ਧਿਰ ਦਾ ਨੇਤਾ ਵੀ ਭਾਰਤ ਦੀ ਨੁਮਾਇੰਦਗੀ ਕਰਦਾ ਹੈ। ਅਸੀਂ ਵੱਖਰਾ ਨਜ਼ਰੀਆ ਪੇਸ਼ ਕਰਦੇ ਹਾਂ ਪਰ ਅੱਜਕੱਲ੍ਹ ਵਿਦੇਸ਼ੀ ਮਹਿਮਾਨਾਂ ਨੂੰ ਮੇਰੇ ਨਾਲ ਨਾ ਮਿਲਣ ਦੀ ਸਲਾਹ ਦਿੱਤੀ ਜਾਂਦੀ ਹੈ।”
ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਚੌਥੇ ਦਿਨ (4 ਦਸੰਬਰ 2025) ਵਿਰੋਧੀ ਧਿਰ ਨੇ ਦਿੱਲੀ ਦੇ ਗੰਭੀਰ ਹਵਾ ਪ੍ਰਦੂਸ਼ਣ ’ਤੇ ਚਰਚਾ ਦੀ ਮੰਗ ਕੀਤੀ। ਸਦਨ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਤੇ ਹੋਰ ਵਿਰੋਧੀ ਸੰਸਦ ਮੈਂਬਰਾਂ ਨੇ ਮਕਰ ਦੁਆਰ ’ਤੇ ਗੈਸ ਮਾਸਕ ਪਹਿਨ ਕੇ ਪ੍ਰਦਰਸ਼ਨ ਕੀਤਾ।
ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, “ਬੱਚੇ ਤੇ ਬਜ਼ੁਰਗ ਸਾਹ ਨਹੀਂ ਲੈ ਸਕਦੇ। ਸਥਿਤੀ ਹਰ ਸਾਲ ਵਿਗੜ ਰਹੀ ਹੈ। ਸਰਕਾਰ ਨੂੰ ਤੁਰੰਤ ਚਰਚਾ ਕਰਨੀ ਚਾਹੀਦੀ ਹੈ।”ਇਸੇ ਦਿਨ ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਡੇਨਿਸ ਮੰਟੂਰੋਵ ਸੰਸਦ ਪਹੁੰਚੇ। ਅੱਜ ਸਦਨ ਵਿੱਚ ਟੈਕਸ ਸੁਧਾਰ, ਆਬਕਾਰੀ ਸੋਧਾਂ, ਪ੍ਰਮਾਣੂ ਊਰਜਾ ਤੇ ਆਰਥਿਕ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ।
ਬੁੱਧਵਾਰ ਨੂੰ ਲੋਕ ਸਭਾ ਨੇ ਕੇਂਦਰੀ ਆਬਕਾਰੀ (ਸੋਧ) ਬਿੱਲ 2025 ਪਾਸ ਕੀਤਾ, ਜਿਸ ਨਾਲ ਤੰਬਾਕੂ ਉਤਪਾਦਾਂ ’ਤੇ ਆਬਕਾਰੀ ਡਿਊਟੀ ਵਧੇਗੀ।ਰਾਹੁਲ ਗਾਂਧੀ ਨੇ ਸਪੱਸ਼ਟ ਕੀਤਾ ਕਿ ਵਿਦੇਸ਼ ਨੀਤੀ ਵਿੱਚ ਵਿਰੋਧੀ ਧਿਰ ਨੂੰ ਵੀ ਸ਼ਾਮਲ ਕਰਨਾ ਲੋਕਤੰਤਰ ਦੀ ਮਜ਼ਬੂਤੀ ਹੈ, ਪਰ ਮੋਦੀ ਸਰਕਾਰ ਇਸ ਪਰੰਪਰਾ ਨੂੰ ਤੋੜ ਰਹੀ ਹੈ।

