ਬਿਉਰੋ ਰਿਪੋਰਟ – ਲੋਕ ਸਭਾ ਚੋਣਾਂ (Lok Sabha Election 2024 ) ਦੀ ਜੰਗ ਪੀਐਮ ਨਰੇਂਦਰ ਮੋਦੀ (Narendra Modi) ਜਿੱਤਦੇ ਹਨ ਜਾਂ ਰਾਹੁਲ ਗਾਂਧੀ (Rahul Gandhi), ਇਹ ਤਾਂ 4 ਜੂਨ ਨੂੰ ਪਤਾ ਲੱਗੇਗਾ, ਪਰ ਸੋਸ਼ਲ ਮੀਡੀਆ ਦੀ ਜੰਗ ਰਾਹੁਲ ਗਾਂਧੀ ਦੇ ਹੱਕ ਵਿੱਚ ਜਾਂਦੀ ਹੋਈ ਨਜ਼ਰ ਆ ਰਹੀ ਹੈ। ਦੈਨਿਕ ਭਾਸਕਰ ਦੀ ਰਿਪੋਰਟ ਦੇ ਮੁਤਾਬਿਕ ਰਾਹੁਲ ਗਾਂਧੀ ਨੂੰ ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲੋਂ ਦੁੱਗਣੇ ਲਾਈਕਸ ਮਿਲ ਰਹੇ ਹਨ। ਉਨ੍ਹਾਂ ਦੀਆਂ ਪੋਸਟਾਂ ’ਤੇ ਪੀਐਮ ਮੋਦੀ ਨਾਲੋਂ ਤਿੰਨ ਗੁਣਾਂ ਜ਼ਿਆਦਾ ਸ਼ੇਅਰਿੰਗ ਹੋ ਰਹੀ ਹੈ। ਵਿਊਜ਼ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ ਦੇ ਪੀਐਮ ਮੋਦੀ ਨਾਲੋਂ 21 ਕਰੋੜ ਜ਼ਿਆਦਾ ਵਿਊਜ਼ ਆ ਰਹੇ ਹਨ।
ਇੱਕ ਪਾਸੇ ਨਰੇਂਦਰ ਮੋਦੀ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ ’ਤੇ ਦੁਨੀਆ ਦੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਸਿਆਸਤਦਾਨ ਹਨ। ਉਹ ਐਕਸ (ਪਹਿਲਾਂ ਟਵਿੱਟਰ) ’ਤੇ ਓਬਾਮਾ ਤੋਂ ਬਾਅਦ ਦੂਜੇ ਨੰਬਰ ’ਤੇ ਹਨ। ਚਾਰਾਂ ਪਲੇਟਫਾਰਮਾਂ ’ਤੇ ਪੀਐਮ ਮੋਦੀ ਦੇ ਫਾਲੋਅਰਜ਼ ਦੀ ਗਿਣਤੀ 26 ਕਰੋੜ ਤੋਂ ਵੱਧ ਹੈ। ਦੂਜੇ ਪਾਸੇ ਰਾਹੁਲ ਗਾਂਧੀ ਦੇ ਚਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕੁੱਲ ਮਿਲਾ ਕੇ ਸਿਰਫ਼ 4.7 ਕਰੋੜ ਫਾਲੋਅਰਜ਼ ਹਨ। ਫਿਰ ਵੀ ਰਾਹੁਲ ਮੋਦੀ ਨੂੰ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਪਛਾੜਦੇ ਨਜ਼ਰ ਆ ਰਹੇ ਹਨ।
ਲੋਕ ਸਭਾ ਚੋਣਾਂ ਦੇ ਇਸ ਸੀਜ਼ਨ ਦੇ ਸੋਸ਼ਲ ਮੀਡੀਆ ਪ੍ਰਦਰਸ਼ਨ ਨੂੰ ਦੇਖਣ ਲਈ, ਭਾਸਕਰ ਨੇ 1 ਅਪ੍ਰੈਲ ਤੋਂ 20 ਮਈ ਤੱਕ ਦੋਵਾਂ ਲੀਡਰਾਂ ਦੇ ਐਕਸ ਪ੍ਰੋਫਾਈਲਾਂ ਦੀਆਂ ਸਾਰੀਆਂ 1279 ਪੋਸਟਾਂ ’ਤੇ ਰਿਸਚਰ ਕੀਤਾ ਹੈ। ਇਸ ਤੋਂ ਇਲਾਵਾ ਸਾਰੇ ਚਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਦੇ ਹਫਤੇ-ਵਾਰ ਫਾਲੋਅਰਜ਼ ਦੇ ਵਾਧੇ ਨੂੰ ਵੀ ਟਰੈਕ ਕੀਤਾ। ਮਾਹਿਰਾਂ ਤੋਂ ਵੀ ਜਾਣਿਆ ਹੈ ਕਿ ਸੋਸ਼ਲ ਮੀਡੀਆ ਪ੍ਰਦਰਸ਼ਨ ਦਾ ਇਨ੍ਹਾਂ ਚੋਣਾਂ ’ਤੇ ਕਿੰਨਾ ਕੁ ਅਸਰ ਹੋਵੇਗਾ ।
‘ਰਾਹੁਲ ਨੂੰ ਸ਼ੋਸ਼ਲ ਮੀਡੀਆ ਦਾ ਫਾਇਦਾ ਨਹੀਂ ਮਿਲੇਗਾ’
ਚੋਣ ਮਾਹਿਰ ਅਮਿਤਾਭ ਤਿਵਾਰੀ ਕਹਿੰਦੇ ਹਨ ਕਿ 2014 ’ਚ ਰਾਹੁਲ ਗਾਂਧੀ ਜ਼ਿਆਦਾਤਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਨਹੀਂ ਸਨ। ਭਾਜਪਾ ਨੂੰ ਇਸ ਦਾ ਸਿੱਧਾ ਫਾਇਦਾ ਹੋਇਆ। ਪਰ 2019 ਤੱਕ ਰਾਹੁਲ ਗਾਂਧੀ ਅਤੇ ਕਾਂਗਰਸ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹੋ ਗਏ।
ਅਮਿਤਾਭ ਤਿਵਾਰੀ ਮੁਤਾਬਕ 2019 ਤੋਂ ਬਾਅਦ ਬੀਜੇਪੀ ਨੇ ਆਪਣੀ ਖੇਡ ਬਦਲ ਲਈ ਹੈ। ਉਹ ਹੁਣ ਜਨਤਕ ਸੋਸ਼ਲ ਸਾਈਟਾਂ ਦੇ ਨਾਲ-ਨਾਲ ਵਟਸਐਪ ਗਰੁੱਪਾਂ (whatsapp) ’ਤੇ ਵੀ ਇੱਕ ਵੱਡੀ ਤਾਕਤ ਬਣ ਗਈ ਹੈ। ਬਿਰਤਾਂਤ (Narrative) ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਬੀਜੇਪੀ ਬਹੁਤੇ ਬਿਰਤਾਂਤ ਆਪਣੇ ਹੱਕ ਵਿੱਚ ਕਰ ਲੈਂਦੀ ਹੈ। ਇਸ ਲਈ ਰਾਹੁਲ ਦੀ ਸੋਸ਼ਲ ਮੀਡੀਆ ਦੀ ਲੋਕਪ੍ਰਿਅਤਾ ਦਾ ਓਨਾ ਫਾਇਦਾ ਨਹੀਂ ਹੋ ਰਿਹਾ ਜਿੰਨਾ ਚੋਣਾਂ ’ਚ ਹੋਣਾ ਚਾਹੀਦਾ ਹੈ।
ਅਮਿਤਾਭ ਕਹਿੰਦੇ ਹਨ ਕਿ ਜੇ ਅਸੀਂ ਪਿਛਲੇ ਸਾਲ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਹੋਈਆਂ ਚੋਣਾਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਉਸ ਸਮੇਂ ਵੀ ਰਾਹੁਲ ਮੋਦੀ ਤੋਂ ਕਾਫੀ ਅੱਗੇ ਸਨ। ਇਸ ਦੇ ਬਾਵਜੂਦ ਚੋਣ ਨਤੀਜਿਆਂ ’ਤੇ ਇਸ ਦਾ ਕੋਈ ਅਸਰ ਨਹੀਂ ਪਿਆ।
ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (Political Strategist Prashant Kishor) ਮੁਤਾਬਿਕ ਲੋਕ ਸੋਚਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦਾ ਸੋਸ਼ਲ ਮੀਡੀਆ ’ਤੇ ਪੂਰਾ ਕੰਟਰੋਲ ਹੈ, ਪਰ ਅਜਿਹਾ ਨਹੀਂ ਹੈ। ਰਾਹੁਲ ਗਾਂਧੀ ਦੀਆਂ ਪੋਸਟਾਂ ’ਤੇ ਲੋਕਾਂ ਦੀ ਪ੍ਰਤੀਕਿਰਿਆ, ਲਾਈਕਸ ਅਤੇ ਕੁਮੈਂਟਸ ਪੀਐਮ ਮੋਦੀ ਨਾਲੋਂ ਕਿਤੇ ਜ਼ਿਆਦਾ ਹਨ। ਇਹ ਵੱਖਰੀ ਗੱਲ ਹੈ ਕਿ ਚੋਣਾਂ ਵਿੱਚ ਉਨ੍ਹਾਂ ਨੂੰ ਇਸ ਦੇ ਨਤੀਜੇ ਨਹੀਂ ਮਿਲ ਰਹੇ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਸਹੀ ਮੁੱਦੇ ਨਹੀਂ ਉਠਾ ਰਹੇ।
ਇਸ ਤੋਂ ਇਲਾਵਾ CSDS ਦੇ ਪ੍ਰੋਫੈਸਰ ਅਤੇ ਸਿਆਸੀ ਮਾਹਿਰ ਸੰਜੇ ਕੁਮਾਰ (Political expert Sanjay Kumar) ਮੁਤਾਬਿਕ ਜੇ ਪੀਐਮ ਮੋਦੀ ਸੱਤਾਧਾਰੀ ਪਾਰਟੀ ਵਿੱਚ ਹਨ ਤਾਂ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਸਭ ਤੋਂ ਵੱਡੇ ਲੀਡਰ ਹਨ। ਰਾਹੁਲ ਗਾਂਧੀ ਇੱਕ ਨੌਜਵਾਨ ਚਿਹਰਾ ਹਨ ਤੇ ਹਾਲ ਹੀ ਵਿੱਚ ਉਹ ਆਪਣੀਆਂ ਯਾਤਰਾਵਾਂ ਰਾਹੀਂ ਪੂਰੇ ਦੇਸ਼ ਦੇ ਲੋਕਾਂ ਨਾਲ ਜੁੜੇ ਹਨ। ਲਗਾਤਾਰ ਹਾਰਨ ਤੋਂ ਬਾਅਦ ਵੀ ਉਹ ਮਜ਼ਬੂਤੀ ਨਾਲ ਖੜ੍ਹੇ ਹਨ ਅਤੇ ਸੱਤਾਧਾਰੀ ਪੱਖ ਨੂੰ ਘੇਰਦੇ ਰਹਿੰਦੇ ਹਨ। ਇਨ੍ਹਾਂ ਸਾਰੇ ਕਾਰਨਾਂ ਕਰਕੇ ਰਾਹੁਲ ਦੀ ਆਪਣੀ ਵੱਖਰੀ ਪਛਾਣ ਬਣ ਗਈ ਹੈ। ਇਹ ਗੱਲ ਉਨ੍ਹਾਂ ਦੀ ਸੋਸ਼ਲ ਮੀਡੀਆ ਦੇ ਰੁਝਾਨਾਂ ਤੋਂ ਵੀ ਜ਼ਾਹਰ ਹੁੰਦੀ ਹੈ।
ਸੰਜੇ ਕੁਮਾਰ ਮੁਤਾਬਕ ਸੋਸ਼ਲ ਮੀਡੀਆ ’ਤੇ ਮਕਬੂਲੀਅਤ ਦਾ ਅਸਰ ਚੋਣਾਂ ’ਚ ਜ਼ਰੂਰ ਦੇਖਿਆ ਜਾ ਸਕਦਾ ਹੈ। ਰਾਹੁਲ ਗਾਂਧੀ ਦਾ ਅਕਸ ਇੱਕ ਇਮਾਨਦਾਰ ਲੀਡਰ ਦਾ ਹੈ। ਹਾਲਾਂਕਿ ਭਾਜਪਾ ਵਰਗੇ ਵੱਡੇ ਰਣਨੀਤੀਕਾਰ ਨਾ ਹੋਣ ਕਾਰਨ ਹੁਣ ਤੱਕ ਨਤੀਜਿਆਂ ’ਚ ਜ਼ਿਆਦਾ ਅਸਰ ਨਹੀਂ ਪਿਆ। ਉਨ੍ਹਾਂ ਕਿਹਾ ਹੈ ਕਿ ਰਾਹੁਲ ਦੀ ਲੋਕਪ੍ਰਿਅਤਾ ਦਾ ਫਾਇਦਾ ਜ਼ਰੂਰ ਹੋਵੇਗਾ। ਲੋਕਤੰਤਰ ਵਿੱਚ, ਜੋ ਲੋਕਾਂ ਨਾਲ ਜੁੜਦਾ ਹੈ, ਉਸ ਨੂੰ ਲਾਭ ਮਿਲਦਾ ਹੀ ਹੈ।
ਇਸ ਦੇ ਨਾਲ ਹੀ ਸਿਆਸੀ ਮਾਹਿਰ ਅਭੈ ਦੂਬੇ (Political expert Abhay Dubey) ਮੁਤਾਬਿਕ ਜੇ ਕੋਈ ਵੀ ਆਗੂ ਕਿਸੇ ਵੀ ਮੰਚ ’ਤੇ ਹਰਮਨ ਪਿਆਰਾ ਹੈ ਤਾਂ ਉਸ ਦਾ ਚੋਣਾਂ ’ਚ ਜ਼ਰੂਰ ਫਾਇਦਾ ਹੋਵੇਗਾ। ਸੋਸ਼ਲ ਮੀਡੀਆ ਦੀ ਪ੍ਰਸਿੱਧੀ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ। ਕਿੰਨਾ ਫਾਇਦਾ ਹੋਵੇਗਾ, ਇਹ 4 ਨੂੰ ਪਤਾ ਲੱਗੇਗਾ।