ਚੋਣਾਂ ਤੋਂ ਮਹਿਜ਼ ਕੁਝ ਦਿਨ ਪਹਿਲਾਂ ਹੁਣ ਪੰਜਾਬ ਵਿੱਚ ਮਾਹੌਲ ਭਖ ਗਿਆ ਹੈ। ਬੀਤੇ ਕੱਲ੍ਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੰਜਾਬ ਵਿੱਚ ਚੋਣ ਪ੍ਰਚਾਰ ਸ਼ੁਰੂ ਕੀਤਾ। ਅੱਜ ਉਹ ਦੂਜੇ ਦਿਨ ਪੰਜਾਬ ਦੌਰੇ ’ਤੇ ਹਨ। ਉੱਧਰ ਆਉਣ ਵਾਲੇ ਕੱਲ੍ਹ ਕਾਂਗਰਸ ਦੇ ਸੀਨੀਅਰ ਆਗੂ ਵੀ ਰਾਹੁਲ ਗਾਂਧੀ ਦੇ ਚੋਣ ਪ੍ਰਚਾਰ ਸ਼ੁਰੂ ਕਰਨ ਦੀ ਖ਼ਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੂਬੇ ਵਿੱਚ ਹੁਣ ਤੱਕ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੀਆਂ ਲਗਭਗ 5 ਰੈਲੀਆਂ ਤੈਅ ਹੋ ਚੁੱਕੀਆਂ ਹਨ। ਸ਼ਰੂਆਤ ਕੱਲ੍ਹ ਅੰਮ੍ਰਿਤਸਰ ਤੋਂ ਕੀਤੀ ਜਾਵੇਗੀ। ਇਸ ਲਈ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਕੱਲ੍ਹ 25 ਮਈ ਨੂੰ ਅੰਮ੍ਰਿਤਸਰ ਦੀ ਰੈਲੀ ਤੋਂ ਇਲਾਵਾ 29 ਮਈ ਨੂੰ ਲੋਕ ਸਭਾ ਹਲਕਾ ਪਟਿਆਲਾ ਤੇ ਲੁਧਿਆਣਾ ਵਿੱਚ ਰੈਲੀਆਂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜਦਕਿ ਪ੍ਰਿਅੰਕਾ ਗਾਂਧੀ ਦੀਆਂ ਰੈਲੀਆਂ 26 ਮਈ ਨੂੰ ਸ਼ੁਰੂ ਹੋਣਗੀਆਂ। ਇਸ ਦੌਰਾਨ ਉਹ ਫਤਿਹਗੜ੍ਹ ਸਾਹਿਬ ਅਤੇ ਜਲੰਧਰ ਵਿੱਚ ਰੈਲੀਆਂ ਕਰਨਗੇ।
ਇਸ ਤੋਂ ਇਲਾਵਾ ਪਾਰਟੀ ਦੇ ਰਾਸ਼ਟਰੀ ਮੁਖੀ ਮੱਲਿਕਾਰਜੁਨ ਖੜਗੇ ਦੀ ਫੇਰੀ ਅਜੇ ਤੈਅ ਨਹੀਂ ਹੋਈ ਹੈ। ਇਸ ਤੋਂ ਇਲਾਵਾ ਸਚਿਨ ਪਾਇਲਟ ਅਤੇ ਹੋਰ ਸਟਾਰ ਪ੍ਰਚਾਰਕ ਸੂਬੇ ਵਿੱਚ ਸਰਗਰਮ ਹਨ। ਅੱਜ ਉਹ ਬਲਾਚੌਰ ਤੇ ਰੂਪਨਗਰ ਹਲਕੇ ਵਿੱਚ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਉਂਜ ਕਾਂਗਰਸ ਨੇ ਅਜੇ ਤੱਕ ਬਠਿੰਡਾ ਵਿੱਚ ਕਿਸੇ ਵੱਡੇ ਆਗੂ ਦੀ ਰੈਲੀ ਤੈਅ ਨਹੀਂ ਕੀਤੀ ਹੈ।
ਕਾਂਗਰਸ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਨੂੰ ਸਫਲ ਬਣਾਉਣ ਲਈ ਪਾਰਟੀ ਹਾਈਕਮਾਂਡ ਪੂਰੀ ਤਰ੍ਹਾਂ ਤਿਆਰ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਵੇਣੂਗੋਪਾਲ 18 ਮਈ ਦੀ ਰਾਤ ਨੂੰ ਪੰਜਾਬ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਨ੍ਹਾਂ ਸਾਰੇ ਹਲਕਿਆਂ ਦੇ ਉਮੀਦਵਾਰਾਂ ਨਾਲ ਮੀਟਿੰਗ ਕਰਕੇ ਫੀਡਬੈਕ ਲਿਆ। ਇਸ ਤੋਂ ਬਾਅਦ ਰੈਲੀਆਂ ਸਬੰਧੀ ਰਣਨੀਤੀ ਬਣਾਈ ਗਈ।
ਇਸੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਹਰੀਸ਼ ਚੌਧਰੀ ਨੇ 23 ਮਈ ਨੂੰ ਪਟਿਆਲਾ ਦਾ ਦੌਰਾ ਕੀਤਾ। ਦੌਰੇ ਸਬੰਧੀ ਰਣਨੀਤੀ ਵੀ ਬਣਾਈ। ਇਸ ਦੇ ਨਾਲ ਹੀ ‘ਆਪ’ ਸੁਪਰੀਮੋ ਵੀ 25 ਤੋਂ ਬਾਅਦ ਪੰਜਾਬ ਵਿੱਚ ਸਰਗਰਮ ਹੋ ਜਾਣਗੇ।