ਬਿਊਰੋ ਰਿਪੋਰਟ : ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦਸੂਹਾ ਦੇ ਪਿੰਡ ਗੌਂਸਪੁਰ ਵਿੱਚ ਪ੍ਰੈਸ ਕਾਨਫਰੰਸ ਕੀਤੀ । ਇਸ ਦੌਰਾਨ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਨੂੰ ਪੰਜਾਬ ਨਾਲ ਜੁੜੇ ਕਈ ਅਹਿਮ ਸਵਾਲ ਪੁੱਛੇ ਗਏ । ਪਹਿਲਾ ਸਵਾਲ 1984 ਨਸਲਕੁਸ਼ੀ ਨੂੰ ਲੈਕੇ ਸੀ । ਰਾਹੁਲ ਨੂੰ ਪੁੱਛਿਆ ਗਿਆ ਕਿ ਅਕਾਲੀ ਦਲ ਤੁਹਾਡੇ ਤੋਂ 84 ਨਸਲਕੁਸ਼ੀ ਨੂੰ ਲੈਕੇ ਮੁਆਫੀ ਦੀ ਮੰਗ ਕਰ ਰਿਹਾ ਹੈ । ਤਾਂ ਰਾਹੁਲ ਗਾਂਧੀ ਨੇ ਗੇਂਦ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਦੇ ਪਾਲੇ ਵਿੱਚ ਸੁੱਟ ਦਿੱਤੀ । ਉਨ੍ਹਾਂ ਕਿਹਾ ਕਿ ਉਹ 1984 ਨਸਲਕੁਸ਼ੀ ‘ਤੇ ਡਾਕਟਰ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਦੇ ਸਟੈਂਡ ਦੀ ਹਮਾਇਤ ਕਰਦੇ ਹਨ । ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਮਨਮੋਹਨ ਸਿੰਘ ਦੇ 84 ਨਸਲਕੁਸ਼ੀ ਨੂੰ ਲੈਕੇ ਕਿਹੜੇ ਬਿਆਨ ਨਾਲ ਸਹਿਮਤ ਹਨ। ਕਿਉਂਕਿ 2013 ਅਤੇ 2019 ਵਿੱਚ 84 ਨਸਲਕੁਸ਼ੀ ਨੂੰ ਲੈਕੇ ਮਨਮੋਹਨ ਸਿੰਘ ਨੇ 2 ਵੱਖ-ਵੱਖ ਬਿਆਨ ਦਿੱਤੇ ਸਨ। ਇੱਕ ਵਿੱਚ ਮੁਆਫੀ ਮੰਗੀ ਸੀ ਦੂਜੇ ਵਿੱਚ ਰਾਜੀਵ ਗਾਂਧੀ ਨੂੰ ਅਸਿੱਧੇ ਤੌਰ’ ਤੇ ਬਚਾਇਆ ਸੀ । ਇਸ ਤੋਂ ਇਲਾਵਾ ਪ੍ਰੈਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਕਲੀਨ ਚਿੱਟ ਦਿੱਤੀ ਹੈ
ਰਾਹੁਲ ਮਨਮੋਹਨ ਸਿੰਘ ਦੇ ਕਿਹੜੇ ਬਿਆਨ ਤੋਂ ਸਹਿਮਮਤ
ਡਾਕਟਰ ਮਨਮੋਹਨ ਸਿੰਘ ਨੇ 14 ਜੂਨ 2013 ਵਿੱਚ ਪ੍ਰਧਾਨ ਮੰਤਰੀ ਰਹਿੰਦੇ ਹੋਏ ਪਾਰਲੀਮੈਂਟ ਵਿੱਚ ਕਿਹਾ ਸੀ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਸ ਤਰ੍ਹਾਂ ਨਾਲ ਪੂਰੇ ਦੇਸ਼ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਸ ਦੇ ਲਈ ਉਹ ਨਾ ਸਿਰਫ ਸਿੱਖ ਭਾਈਚਾਰੇ ਬਲਕਿ ਪੂਰੇ ਦੇਸ਼ ਤੋਂ ਮੁਆਫੀ ਮੰਗ ਦੇ ਹਨ । 2019 ਵਿੱਚ ਮਨਮੋਹਨ ਸਿੰਘ ਆਪਣੇ ਬਿਆਨ ਤੋਂ ਪਲਟ ਗਏ ਸਨ । ਉਨ੍ਹਾਂ ਨੇ ਸਾਰੀ ਜ਼ਿੰਮੇਵਾਰੀ ਆਪਣੇ ਸਿਆਸੀ ਗੁਰੂ ਨਰਸਿਮਹਾ ਰਾਓ ‘ਤੇ ਪਾ ਦਿੱਤੀ ਸੀ ।
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ IK ਗੁਜਰਾਲ ਦੇ 100ਵੇਂ ਜਨਮ ਦਿਨ ‘ਤੇ ਡਾਕਟਰ ਮਨਮੋਹਨ ਸਿੰਘ ਵੱਡਾ ਖੁਲਾਸਾ ਕੀਤਾ ਸੀ । ਉਨ੍ਹਾਂ ਨੇ ਕਿਹਾ ਸੀ ਕਿ IK ਗਜਰਾਲ ਨੇ 1984 ਵਿੱਚ ਤਤਕਾਲੀ ਗ੍ਰਹਿ ਮੰਤਰੀ ਨਰਸਿਮਹਾ ਰਾਓ ਨੂੰ ਹਾਲਾਤ ਨਾਜ਼ੁਕ ਹੋਣ ‘ਤੇ ਫੌਜ ਸਦਣ ਲਈ ਅਲਰਟ ਜਾਰੀ ਕੀਤੀ ਸੀ ਪਰ ਉਨ੍ਹਾਂ ਨੇ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ । ਜੇਕਰ ਸਮੇਂ ਰਹਿੰਦੇ ਫੌਜ ਬੁਲਾਈ ਹੁੰਦੀ ਤਾਂ 84 ਵਿੱਚ ਨਸਲਕੁਸ਼ੀ ਨਹੀਂ ਹੋਣੀ ਸੀ । ਹੁਣ ਰਾਹੁਲ ਦੱਸਣ ਕੀ ਉਹ ਮਨਮੋਹਨ ਸਿੰਘ ਦੇ ਕਿਸ ਬਿਆਨ ਤੋਂ ਸਹਿਮਤ ਹਨ । ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਕਾਂਗਰਸ ਦੀ ਖਾਨਾਜੰਗੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਲੈਕੇ ਵੀ ਵੱਡਾ ਬਿਆਨ ਦਿੱਤਾ ।
ਨਵਜੋਤ ਸਿੰਘ ਸਿੱਧੂ ਨੂੰ ਕਲੀਨ ਚਿੱਟ
ਰਾਹੁਲ ਗਾਂਧੀ ਤੋਂ ਜਦੋਂ 2022 ਦੀ ਹਾਰ ਦੇ ਪਿੱਛੇ ਨਵਜੋਤ ਸਿੰਘ ਸਿੱਧੂ ਵੱਲੋਂ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖੁੱਲੇਆਮ ਵਿਰੋਧ ਬਾਰੇ ਸਵਾਲ ਪੁੱਛਿਆ ਗਿਆ ਤਾਂ ਰਾਹੁਲ ਨੇ ਸਿੱਧੂ ਨੂੰ ਕਲੀਨ ਚਿੱਟ ਦਿੰਦੇ ਹੋਏ ਕਿਹਾ ਕਿ ਸਾਡੀ ਸਰਕਾਰ ਖਿਲਾਫ਼ ਲੋਕਾਂ ਦਾ ਗੁੱਸਾ ਇਸ ਦੇ ਲਈ ਜ਼ਿੰਮੇਵਾਰ ਹੈ । ਉਨ੍ਹਾਂ ਕਿਹਾ ਲੋਕ ਕਾਂਗਰਸ ਸਰਕਾਰ ਤੋਂ ਨਰਾਜ਼ ਸਨ ਇਸ ਲਈ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ। ਸਿਰਫ਼ ਇੰਨਾਂ ਹੀ ਨਹੀਂ ਰਾਹੁਲ ਨੇ ਕਿਹਾ ਕਿ ਭਵਿੱਖ ਵਿੱਚ ਪੰਜਾਬ ਕਾਂਗਰਸ ਵਿੱਚ ਕਲੇਸ਼ ਨਾ ਹੋਵੇ ਇਸ ਬਾਰੇ ਧਿਆਨ ਦਿੱਤਾ ਜਾਵੇਗਾ । ਹਾਲਾਂਕਿ ਰਾਹੁਲ ਦਾ ਇਹ ਬਿਆਨ ਕਿੰਨਾਂ ਨੂੰ ਸਾਰਥਕ ਸਾਬਿਤ ਹੋਵੇਗਾ ਇਸ ਨੂੰ ਲੈਕੇ ਸਵਾਲ ਹੈ। ਕਿਉਂਕਿ ਸਿੱਧੂ ਦੇ ਜੇਲ੍ਹ ਜਾਣ ਤੋਂ ਪਹਿਲਾਂ ਹੀ ਰਾਜਾ ਵੜਿੰਗ ਅਤੇ ਸਿੱਧੂ ਦੇ ਵਿਚਾਲੇ ਦੂਰੀਆਂ ਆ ਗਈਆਂ ਸਨ । ਜੋ ਹੁਣ ਵੀ ਜਾਰੀ ਹਨ । ਸਿੱਧੂ ਜੇਲ੍ਹ ਵਿੱਚ ਸਾਰੇ ਆਗੂਆਂ ਨੂੰ ਮਿਲੇ ਪਰ 2 ਵਾਰ ਵੜਿੰਗ ਨੇ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਮਨਾ ਕਰ ਦਿੱਤਾ । ਅਜਿਹੇ ਵਿੱਚ ਰਾਹੁਲ ਗਾਂਧੀ ਕਿਵੇਂ ਸਿੱਧੂ ਅਤੇ ਹੋਰ ਆਗੂਆਂ ਵਿੱਚ ਤਾਲਮੇਲ ਬਿਠਾ ਸਕਣਗੇ ਇਹ ਇੱਕ ਵੱਡੀ ਚੁਣੌਤੀ ਹੋਵੇਗੀ ।