‘ਦ ਖ਼ਾਲਸ ਬਿਊਰੋ : ਭਾਰਤ ਜੋੜੋ ਯਾਤਰਾ ਹੁਣ ਆਖਰੀ ਪੜਾਅ ‘ਤੇ ਹੈ ਅਤੇ ਇਸ ਦੇ ਆਖਰੀ ਸਫ਼ਰ ਵਿੱਚ ਸ਼ਾਮਲ ਹੋਣ ਲਈ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਨੇ ਸੱਦਾ ਭੇਜਿਆ ਹੈ। ਰਾਹੁਲ ਗਾਂਧੀ ਪੰਜਾਬ ਤੋਂ ਕਦਮ ਪੁੱਟਦਿਆਂ ਹੀ ਆਪਣੇ ਆਗੂਆਂ ਦੀ ਨਸੀਹਤ ਨੂੰ ਭੁੱਲ ਗਏ ਹਨ। ਦਰਅਸਲ, ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ ਅਤੇ ਪ੍ਰਤਾਪ ਬਾਜਵਾ ਨੇ ਕੱਲ੍ਹ ਪਠਾਨਕੋਟ ਵਿੱਚ ਰਾਹੁਲ ਗਾਂਧੀ ਨੂੰ ਸਟੇਜ ਤੋਂ ਹੀ ਅਪੀਲ ਕੀਤੀ ਸੀ ਕਾਂਗਰਸ ਪਾਰਟੀ ਨੂੰ ਪੈਰਾਸ਼ੂਟ ਲੀਡਰ ਨਹੀਂ ਚਾਹੀਦੇ ਹਨ ਤਾਂ ਅਜਿਹੇ ਵਿੱਚ ਰਾਹੁਲ ਗਾਂਧੀ ਵੱਲੋਂ ਨਵਜੋਤ ਸਿੱਧੂ ਨੂੰ ਸੱਦਾ ਦੇਣਾ ਕੋਈ ਹੋਰ ਹੀ ਇਸ਼ਾਰਾ ਕਰ ਰਿਹਾ ਹੈ।
ਸਿੱਧੂ ਫਿਲਹਾਲ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਹਨ ਅਤੇ ਚਰਚਾਵਾਂ ਹਨ ਕਿ ਨਵਜੋਤ ਸਿੱਧੂ 26 ਜਨਵਰੀ ਨੂੰ ਰਿਹਾਅ ਹੋ ਸਕਦੇ ਹਨ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਦੀ ਯਾਤਰਾ ‘ਚ ਸ਼ਾਮਲ ਹੋਣ ਲਈ ਸਿੱਧੂ ਦੇ ਨਾਮ ਦਾ ਸੱਦਾ ਭੇਜਿਆ ਹੈ। 30 ਜਨਵਰੀ ਨੂੰ ਭਾਰਤ ਜੋੜੋ ਯਾਤਰਾ ਖ਼ਤਮ ਹੋ ਰਹੀ ਹੈ ਤਾਂ ਇਸ ਦੌਰਾਨ ਸ੍ਰੀਨਗਰ ਵਿੱਚ ਇੱਕ ਵਿਸ਼ਾਲ ਰੈਲੀ ਰੱਖੀ ਗਈ ਹੈ। ਇਸੇ ਰੈਲੀ ਵਿੱਚ ਨਵਜੋਤ ਸਿੱਧੂ ਸ਼ਾਮਲ ਹੋ ਸਕਦੇ ਹਨ। ਇਸ ਤੋਂ ਪਹਿਲਾਂ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੀ ਹੁਸ਼ਿਆਰਪੁਰ ਵਿੱਚ ਭਾਰਤ ਜੋੜੋ ਯਾਤਰਾ ਦਾ ਹਿੱਸਾ ਬਣੇ ਸਨ। ਰਾਹੁਲ ਗਾਂਧੀ ਪੰਜਾਬ ‘ਚ 5 ਦਿਨ ਪੈਦਲ ਚੱਲੇ ਤੇ ਪੰਜਾਬ ਤੋਂ ਬਾਅਦ ਇਹ ਯਾਤਰਾ ਹਿਮਾਚਲ ਵਿੱਚ ਐਂਟਰ ਕਰ ਗਈ ਸੀ। 19 ਜਨਵਰੀ ਨੂੰ ਪਠਾਨਕੋਟ ਵਿੱਚ ਵੀ ਰੈਲੀ ਰੱਖੀ ਗਈ ਸੀ ਜਿੱਥੇ ਤਮਾਮ ਕਾਂਗਰਸੀ ਲੀਡਰਾਂ ਨੇ ਵੱਡੇ ਦਾਅਵੇ ਕੀਤੇ ਸਨ। ਤੇ ਹੁਣ ਰਾਹੁਲ ਗਾਂਧੀ ਦੀ ਯਾਤਰਾ ਜੰਮੂ ਵਿੱਚ ਐਂਟਰ ਹੋ ਗਈ ਹੈ ਤੇ ਯਾਤਰਾ ਆਪਣੇ ਆਖਰੀ ਪੜਾਅ ‘ਤੇ ਪਹੁੰਚ ਰਹੀ ਹੈ।
ਰੋਡ ਰੇਜ਼ ਮਾਮਲੇ ਵਿੱਚ ਨਵਜੋਤ ਸਿੱਧੂ ਇੱਕ ਸਾਲ ਦੀ ਸਜ਼ਾ ਭੁਗਤ ਰਹੇ ਹਨ। ਸਿੱਧੂ ਨੇ ਪਿਛਲੇ ਸਾਲ ਮਈ 2022 ਨੂੰ ਪਟਿਆਲਾ ਜੇਲ੍ਹ ‘ਚ ਸਰੰਡਰ ਕੀਤਾ ਸੀ। ਨਵਜੋਤ ਸਿੱਧੂ ਜੇਕਰ ਚੰਗੇ ਵਿਵਹਾਰ ਦੇ ਕੈਦੀਆਂ ਦੀ ਸੂਚੀ ਵਿੱਚ ਸ਼ਾਮਲ ਹੁੰਦੇ ਹਨ ਤਾਂ ਕੇਂਦਰ ਸਰਕਾਰ ਦੀ ਸਕੀਮ ਤਹਿਤ ਉਹ 26 ਜਨਵਰੀ ਨੂੰ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਹਲਾਂਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਚਰਚਾਵਾਂ ‘ਤੇ ਕੋਈ ਵੀ ਪ੍ਰਤੀਕੀਰਿਆ ਨਹੀਂ ਆਈ ਹੈ।
ਕਾਂਗਰਸੀ ਆਗੂਆਂ ਨੇ ਕੀ ਮੰਗ ਕੀਤੀ ਸੀ ?
ਦਰਅਸਲ, ਕੱਲ੍ਹ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਪੰਜਾਬ ਵਿੱਚ ਆਖਰੀ ਦਿਨ ਸੀ। ਇਸ ਮੌਕੇ ਕਾਂਗਰਸ ਵੱਲੋਂ ਪਠਾਨਕੋਟ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਗਈ। ਇਸ ਮੌਕੇ ਰਾਹੁਲ ਗਾਂਧੀ ਸਮੇਤ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਮਲਿਕਾਅਰਜੁਨ ਖੜਗੇ ਪਹੁੰਚੇ।
ਰਾਹੁਲ ਗਾਂਧੀ ਨੇ ਸੰਬੋਧਨ ਕਰਦਿਆਂ ਆਪ ਸਰਕਾਰ ਉੱਤੇ ਵਰਦਿਆਂ ਪੰਜਾਬ ਨੂੰ ਦਿੱਲੀ ਤੋਂ ਨਾ ਚਲਾਉਣ ਦਾ ਤਾਹਨਾ ਮਾਰਿਆ ਸੀ। ਨਾਲ ਹੀ ਕਿਹਾ ਸੀ ਕਿ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਚਲਾਇਆ ਜਾ ਰਿਹਾ ਹੈ, ਅਤੇ ਇਹ ਰਿਮੋਟ ਰਾਘਵ ਚੱਢਾ ਸਮੇਤ ਦਿੱਲੀ ਵਿੱਚ ਸੱਤਾ ਉੱਤੇ ਬੈਠੇ ਲੋਕਾਂ ਦੇ ਹੱਥ ਵਿੱਚ ਹੈ।
ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਰਾਹੁਲ ਗਾਂਧੀ ਦੀ ਖੂਬ ਤਾਰੀਫ਼ ਕੀਤੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਨੇ ਗਰੀਬਾਂ ਨੂੰ ਰਾਖਵਾਂਕਰਨ ਦਿੱਤਾ ਹੈ। ਰਾਹੁਲ ਗਾਂਧੀ ਇੱਕ ਸੰਤ ਰੂਪ ਹੈ, ਜਿਸਦਾ ਅਸੀਂ ਅੱਜ ਸਵਾਗਤ ਕਰ ਰਹੇ ਹਾਂ। ਕਾਂਗਰਸ ਪਾਰਟੀ ਨੇ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਹੈ, ਕਾਂਗਰਸ ਨੇ ਦੇਸ਼ ਨੂੰ 70 ਸਾਲ Build ਕੀਤਾ ਹੈ। ਪਰ ਨਵੀਂ ਪੀੜੀ ਨੂੰ ਕਾਂਗਰਸ ਦਾ ਇਤਿਹਾਸ ਨਹੀਂ ਦੱਸਿਆ ਗਿਆ।
ਪ੍ਰਤਾਪ ਸਿੰਘ ਬਾਜਵਾ ਨੇ ਵੀ ਚੰਨੀ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਨੂੰ ਆਜ਼ਾਦੀ ਦਿਵਾਈ ਹੈ। ਜਿਵੇਂ ਰਾਹੁਲ ਗਾਂਧੀ ਪੈਦਲ ਯਾਤਰਾ ਕਰ ਰਹੇ ਹਨ, ਬਾਕੀ ਲੀਡਰਾਂ ਤੋਂ ਤਾਂ ਏਨਾ ਤੁਰਿਆ ਵੀ ਨਹੀਂ ਜਾਣਾ। ਪੰਜਾਬ ਰਿਮੋਟ ਕੰਟਰੋਲ ਨਾਲ ਚੱਲ ਰਿਹਾ ਹੈ, ਇੱਥੇ ਰਾਜ ਕੇਜਰੀਵਾਲ, ਰਾਘਵ ਚੱਢਾ ਕਰ ਰਹੇ ਹਨ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਜ਼ੀਰਾ ਸ਼ਰਾਬ ਫੈਕਟਰੀ ਨੂੰ ਇਸ ਲਈ ਬੰਦ ਕੀਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਕਾਨੂੰਨੀ ਤੌਰ ਉੱਤੇ ਕੰਮ ਕਰ ਨਹੀਂ ਸਕਦਾ, ਹਾਈਕੋਰਟ ਨੇ ਸਟੇਅ ਕਰ ਦੇਣਾ ਹੈ, ਇਸ ਲਈ ਲੋਕਾਂ ਸਾਹਮਣੇ ਸੱਚਾ ਬਣਨ ਲਈ ਮਾਨ ਨੇ ਇਹ ਫੈਸਲਾ ਲਿਆ। ਬਾਜਵਾ ਨੇ ਅਸਿੱਧੇ ਤੌਰ ਉੱਤੇ ਮਨਪ੍ਰੀਤ ਬਾਦਲ ਉੱਤੇ ਵਰਦਿਆਂ ਕਿਹਾ ਕਿ ਜੋ ਸਾਨੂੰ ਛੱਡ ਕੇ ਜਾ ਰਹੇ ਹਨ, ਉਹ ਪਹਿਲਾਂ ਹੀ ਸਾਡੇ ਨਹੀਂ ਸਨ। ਜਿਹੜਾ ਕੱਲ੍ਹ ਪਾਰਟੀ ਛੱਡ ਕੇ ਗਿਆ ਹੈ, ਉਸਦੇ ਤਾਏ ਨੇ ਖਾਕੀ ਰੰਗ ਦੀ ਨਿੱਕਰ ਪਜਾਮੇ ਦੇ ਥੱਲੇ ਪਾਈ ਸੀ, ਇਹਨੇ ਹੁਣ ਉੱਤੋਂ ਦੀ ਪਾ ਲਈ ਹੈ। ਹੁਣ ਇਹ ਭਾਜਪਾ ਦੀ ਅੰਤਿਮ ਅਰਦਾਸ ਕਰਨ ਲ਼ਈ ਉੱਥੇ ਚਲਾ ਗਿਆ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੇਰਾ ਚਿੱਤ ਕਰਦਾ ਹੈ ਕਿ ਮੈਂ ਉਨ੍ਹਾਂ ਪੰਜਾਬੀਆਂ ਦੇ ਜੋੜੇ ਝਾੜ ਕੇ ਸੇਵਾ ਕਰਾਂ ਜਿਨ੍ਹਾਂ ਨੇ ਭਾਰਤ ਜੋੜੋ ਯਾਤਰਾ ਦਾ ਸਵਾਗਤ ਕਰਕੇ ਸੇਵਾ ਕੀਤੀ ਹੈ। ਵੜਿੰਗ ਨੇ ਸਟੇਜ ਤੋਂ ਹੀ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਪਾਰਟੀ ਵਿੱਚ ਕਿਹੜਾ ਵਿਅਕਤੀ ਆਉਂਦਾ ਹੈ, ਕਈ ਬਾਹਰਲੀਆਂ ਪਾਰਟੀਆਂ ਵਿੱਚੋਂ ਲੋਕ ਆਉਂਦੇ ਹਨ, ਅਸੀਂ ਉਨ੍ਹਾਂ ਨੂੰ ਗਲੇ ਲਾਉਂਦੇ ਹਾਂ, ਵਧੀਆ ਗੱਲ ਹੈ ਪਰ ਕੁਝ ਲੋਕ ਮੌਕਾਪ੍ਰਸਤ ਹੁੰਦੇ ਹਨ, ਉਨ੍ਹਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ।
ਸੁਖਜਿੰਦਰ ਰੰਧਾਵਾ ਨੇ ਵੀ ਰਾਜਾ ਵੜਿੰਗ ਵਾਲੀ ਅਪੀਲ ਦੁਹਰਾਉਂਦਿਆ ਕਿਹਾ ਕਿ ਕਾਂਗਰਸ ਵਿੱਚ ਮੌਕਾਪ੍ਰਸਤ ਲੋਕਾਂ ਨੂੰ ਆਉਣ ਤੋਂ ਰੋਕੋ ਜੋ ਕਾਂਗਰਸ ਵਿੱਚੋਂ ਖਾ ਕੇ ਬਾਅਦ ਵਿੱਚ ਪਾਰਟੀ ਛੱਡ ਦਿੰਦਾ ਹੈ ਅਤੇ ਬਾਅਦ ਵਿੱਚ ਕਾਂਗਰਸ ਵਰਕਰਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ।