India Punjab

ਰਾਹੁਲ ਗਾਂਧੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਵਾਰ ਫਿਰ ਘੇਰਿਆ! ‘ਰਾਜਨਾਥ ਨੇ ਸ਼ਿਵ ਜੀ ਸਾਹਮਣੇ ਝੂਠ ਬੋਲਿਆ!’

ਨਵੀਂ ਦਿੱਲੀ: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਜੰਮੂ-ਕਸ਼ਮੀਰ ਵਿੱਚ ਸ਼ਹੀਦ ਹੋਏ ਲੁਧਿਆਣਾ ਦੇ ਅਗਨੀਵੀਰ ਅਜੈ ਦੇ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਣ ਦਾ ਮੁੱਦਾ ਚੁੱਕਿਆ ਹੈ। ਇਸ ਬਾਰੇ ਉਨ੍ਹਾਂ ਇੱਕ ਵੀਡੀਓ ਪੋਸਟ ਕੀਤੀ ਹੈ। ਉਨ੍ਹਾਂ ਵੀਰਵਾਰ ਸ਼ਾਮ ਨੂੰ ਐਕਸ ’ਤੇ ਇੱਕ ਵੀਡੀਓ ਪੋਸਟ ਕੀਤਾ ਅਤੇ ਕਿਹਾ ਕਿ ਰੱਖਿਆ ਮੰਤਰੀ ਨੇ ਸ਼ਿਵਜੀ ਦੀ ਤਸਵੀਰ ਦੇ ਸਾਹਮਣੇ ਸ਼ਹੀਦ ਅਗਨੀਵੀਰ ਦੇ ਪਰਿਵਾਰ ਦੀ ਮਦਦ ਕਰਨ ਬਾਰੇ ਝੂਠ ਬੋਲਿਆ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 1 ਜੁਲਾਈ ਨੂੰ ਲੋਕ ਸਭਾ ਵਿੱਚ ਕਿਹਾ ਸੀ ਕਿ ਸ਼ਹੀਦ ਅਗਨੀਵੀਰਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ 1 ਕਰੋੜ ਰੁਪਏ ਦਿੱਤੇ ਜਾਂਦੇ ਹਨ। ਜਾਰੀ ਕੀਤੀ ਵੀਡੀਓ ਵਿੱਚ ਰਾਹੁਲ ਨੇ ਕਿਹਾ ਹੈ ਕਿ ਸ਼ਹੀਦ ਅਗਨੀਵੀਰ ਦੇ ਪਿਤਾ ਨੇ ਸੱਚ ਕਿਹਾ ਹੈ ਕਿ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਹੈ। ਰੱਖਿਆ ਮੰਤਰੀ ਨੂੰ ਸੰਸਦ, ਦੇਸ਼, ਫੌਜ ਅਤੇ ਸ਼ਹੀਦ ਅਗਨੀਵੀਰ ਦੇ ਪਰਿਵਾਰ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

ਹਾਲਾਂਕਿ ਰਾਹੁਲ ਦੀ ਪੋਸਟ ਤੋਂ ਤਿੰਨ ਘੰਟੇ ਬਾਅਦ ਫੌਜ ਨੇ ਐਕਸ ’ਤੇ ਇਕ ਪੋਸਟ ’ਚ ਲਿਖਿਆ- ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਨੀਵੀਰ ਅਜੇ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਅਜਿਹਾ ਨਹੀਂ ਹੈ। ਪਰਿਵਾਰ ਨੂੰ 98.39 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਗਏ ਹਨ।

ਫੌਜ ਨੇ ਇਹ ਵੀ ਲਿਖਿਆ ਹੈ ਕਿ ਪਰਿਵਾਰ ਨੂੰ 67 ਲੱਖ ਰੁਪਏ ਹੋਰ ਦਿੱਤੇ ਜਾਣਗੇ। ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਪੈਸੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਜਾਣਗੇ। ਮੁਆਵਜ਼ੇ ਦੀ ਕੁੱਲ ਰਕਮ 1.65 ਕਰੋੜ ਰੁਪਏ ਹੋਵੇਗੀ। ਫੌਜ ਅਗਨੀਵੀਰ ਅਜੈ ਦੀ ਕੁਰਬਾਨੀ ਨੂੰ ਸਲਾਮ ਕਰਦੀ ਹੈ। ਰੱਖਿਆ ਮੰਤਰੀ ਦੇ ਦਫ਼ਤਰ ਨੇ ਫੌਜ ਦੀ ਪੋਸਟ ਨੂੰ ਦੁਬਾਰਾ ਪੋਸਟ ਕੀਤਾ ਅਤੇ ਲਿਖਿਆ- ਭਾਰਤੀ ਫੌਜ ਅਗਨੀਵੀਰਾਂ ਦੀ ਭਲਾਈ ਲਈ ਵਚਨਬੱਧ ਹੈ।

ਵੀਡੀਓ ਵਿੱਚ ਸ਼ਹੀਦ ਅਗਨੀਵੀਰ ਦੇ ਪਿਤਾ ਨਾਲ ਗੱਲ ਕਰਦੇ ਨਜ਼ਰ ਆਏ ਰਾਹੁਲ

ਰਾਹੁਲ ਵੱਲੋਂ ਪੋਸਟ ਕੀਤੀ ਗਈ ਵੀਡੀਓ ਵਿੱਚ ਉਹ ਸ਼ਹੀਦ ਅਜੇ ਦੇ ਪਿਤਾ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਅਜੇ ਦੇ ਪਿਤਾ ਨੇ ਕਿਹਾ- ਸਾਨੂੰ ਕੋਈ ਮਦਦ ਨਹੀਂ ਮਿਲੀ। ਕੇਂਦਰ ਸਰਕਾਰ ਤੋਂ ਕੁਝ ਨਹੀਂ ਮਿਲਿਆ। ਕਿਹਾ ਜਾਂਦਾ ਸੀ ਕਿ ਪੈਸੇ ਆਉਣਗੇ। ਚੋਣਾਂ ਆ ਰਹੀਆਂ ਹਨ, ਪਰ ਕੁਝ ਹਾਸਲ ਨਹੀਂ ਹੋਇਆ।

ਰਾਜਨਾਥ ਜੀ ਨੇ ਬਿਆਨ ਦਿੱਤਾ ਹੈ ਕਿ ਪਰਿਵਾਰ ਨੂੰ 1 ਕਰੋੜ ਰੁਪਏ ਮਿਲੇ ਹਨ। ਪਰ ਸਾਨੂੰ ਅੱਜ ਤੱਕ ਕੋਈ ਸੁਨੇਹਾ ਜਾਂ ਪੈਸਾ ਨਹੀਂ ਮਿਲਿਆ। ਰਾਹੁਲ ਗਾਂਧੀ ਸਾਡੀ ਆਵਾਜ਼ ਉਠਾ ਰਹੇ ਹਨ। ਸ਼ਹੀਦਾਂ ਦੇ ਪਰਿਵਾਰਾਂ ਨੂੰ ਪੂਰੀ ਮਦਦ ਮਿਲਣੀ ਚਾਹੀਦੀ ਹੈ। ਅਗਨੀਵੀਰ ਸਕੀਮ ਬੰਦ ਕੀਤੀ ਜਾਵੇ। ਰੈਗੂਲਰ ਭਰਤੀ ਹੋਣੀ ਚਾਹੀਦੀ ਹੈ।