India Punjab

ਸੰਸਦ ’ਚ ਅਗਨੀਵੀਰ ਦੇ ਮੁੱਦੇ ਰਾਹੁਲ ਤੇ ਰਾਜਨਾਥ ਦੇ ਦਾਅਵੇ ’ਚ ਕਿੰਨਾ ਸੱਚ! ਸ਼ਹੀਦ ਅਗਨੀਵੀਰਾਂ ਦੇ ਪਰਿਵਾਰਾਂ ਨੇ ਕੀਤਾ ਖ਼ੁਲਾਸਾ

ਬੀਤੇ ਕੱਲ੍ਹ (1 ਜੂਨ) ਸੰਸਦ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅਗਨੀਵੀਰ ਯੋਜਨਾ ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਅਗਨੀਵੀਰ ਸ਼ਹੀਦ ਹੁੰਦੇ ਹਨ ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਕੁਝ ਨਹੀਂ ਮਿਲਦਾ। ਉਨ੍ਹਾਂ ਪੰਜਾਬ ਦੇ ਖੰਨਾ ਦੇ ਸ਼ਹੀਦ ਅਗਨੀਵੀਰ ਅਜੈ ਦਾ ਵੀ ਜ਼ਿਕਰ ਕੀਤਾ। ਉਹ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਅਜੈ ਦੇ ਘਰ ਵੀ ਪਹੁੰਚੇ ਸਨ।

ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਅਗਨੀਵੀਰ ਅਜੈ ਦੇ ਪਰਿਵਾਰ ਨੂੰ ਕੁਝ ਨਹੀਂ ਮਿਲਿਆ। ਇਸ ਦੇ ਜਵਾਬ ’ਚ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਗਨੀਵੀਰ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਿੱਤੇ ਗਏ ਹਨ। ਇਸ ਦੌਰਾਨ ਸ਼ਹੀਦ ਅਗਨੀਵੀਰ ਅਜੈ ਦਾ ਪਰਿਵਾਰ ਹੁਣ ਅੱਗੇ ਆਇਆ ਹੈ।

ਖੰਨਾ ਦੇ ਸ਼ਹੀਦ ਅਜੈ ਨੂੰ ਫੌਜ ਵੱਲੋਂ ਮਿਲੇ 48 ਲੱਖ, ਪੰਜਾਬ ਸਰਕਾਰ ਵੱਲੋਂ 1 ਕਰੋੜ- ਧੀ ਨੂੰ ਨੌਕਰੀ

ਸ਼ਹੀਦ ਅਜੈ ਦੇ ਪਿਤਾ ਚਰਨਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦਿੱਤੇ ਗਏ ਹਨ। ਬੇਟੀ ਨੂੰ ਨੌਕਰੀ ਦਾ ਭਰੋਸਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫੌਜ ਵੱਲੋਂ 48 ਲੱਖ ਰੁਪਏ ਦਿੱਤੇ ਗਏ ਹਨ। ਕੇਂਦਰ ਸਰਕਾਰ ਨੇ ਕੋਈ ਪੈਸਾ ਨਹੀਂ ਦਿੱਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਝੂਠ ਬੋਲ ਰਹੇ ਹਨ।

ਬਰਨਾਲਾ ਦੇ ਸ਼ਹੀਦ ਅਗਨੀਵੀਰ ਸੁਖਵਿੰਦਰ ਸਿੰਘ ਨੂੰ ਅਜੇ ਤੱਕ ਨਹੀਂ ਮਿਲਿਆ ਕੋਈ ਮੁਆਵਜ਼ਾ

ਇਸ ਦੇ ਨਾਲ ਹੀ ਪੰਜਾਬ ਦੇ ਬਰਨਾਲਾ ਦੇ ਸ਼ਹੀਦ ਅਗਨੀਵੀਰ ਸੁਖਵਿੰਦਰ ਸਿੰਘ ਦਾ ਪਰਿਵਾਰ ਵੀ ਅੱਗੇ ਆਇਆ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ। ਪਰਿਵਾਰ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਵਿੱਚ ਕਿਹਾ ਕਿ ਸਰਕਾਰ ਅਗਨੀਵੀਰ ਦੀ ਜਾਨ ਜਾਣ ’ਤੇ ਲਈ 1 ਕਰੋੜ ਰੁਪਏ ਦੇਵੇਗੀ। ਪਰ ਉਨ੍ਹਾਂ ਨੂੰ ਅਜਿਹੀ ਕੋਈ ਰਕਮ ਨਹੀਂ ਮਿਲੀ।

ਮਹਾਰਾਸ਼ਟਰ ਦੇ ਸ਼ਹੀਦ ਅਗਨੀਵੀਰ ਅਕਸ਼ੈ ਦੇ ਪਰਿਵਾਰ ਨੂੰ ਮਿਲਿਆ 1.10 ਕਰੋੜ ਰੁਪਏ ਦਾ ਮੁਆਵਜ਼ਾ

ਬੁਲਢਾਨਾ, ਮਹਾਰਾਸ਼ਟਰ ਦੇ ਸ਼ਹੀਦ ਅਗਨੀਵੀਰ ਅਕਸ਼ੈ ਗਾਵਤੇ ਦੇ ਪਿਤਾ ਦੇ ਅਨੁਸਾਰ, ਉਨ੍ਹਾਂ ਨੂੰ ਸਰਕਾਰ ਤੋਂ ਹੁਣ ਤੱਕ 1 ਕਰੋੜ 10 ਲੱਖ ਰੁਪਏ ਦਾ ਮੁਆਵਜ਼ਾ ਮਿਲ ਚੁੱਕਾ ਹੈ। ਪਹਿਲਾਂ 48 ਲੱਖ ਰੁਪਏ ਮਿਲੇ ਅਤੇ ਫਿਰ 50 ਲੱਖ ਰੁਪਏ ਦਿੱਤੇ ਗਏ। ਮਹਾਰਾਸ਼ਟਰ ਸਰਕਾਰ ਵੱਲੋਂ 10 ਲੱਖ ਰੁਪਏ ਵੀ ਦਿੱਤੇ ਗਏ ਸਨ।

20 ਸਾਲਾ ਅਕਸ਼ੈ ਗਾਵਤੇ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ਗਲੇਸ਼ੀਅਰ ਵਿੱਚ ਤਾਇਨਾਤ ਸਨ, ਜਿੱਥੇ ਅਕਤੂਬਰ 2023 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਹ ਬੀਮਾਰ ਹੋ ਗਿਆ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।

ਅਗਨੀਵੀਰ ਦੇ ਪਰਿਵਾਰ ਨੂੰ ਕਿੰਨੀ ਮਿਲਦੀ ਹੈ ਸਹਾਇਤਾ ਰਾਸ਼ੀ?

ਫੌਜ ਦੀ ਵੈੱਬਸਾਈਟ ਦੇ ਅਨੁਸਾਰ, ਜੇਕਰ ਅਗਨੀਵੀਰ ਦੀ ਡਿਊਟੀ ਦੌਰਾਨ ਮੌਤ ਹੋ ਜਾਂਦੀ ਹੈ, ਤਾਂ ਉਸਨੂੰ 48 ਲੱਖ ਰੁਪਏ ਦਾ ਬੀਮਾ ਕਵਰ, 44 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ, 4 ਸਾਲ ਤੱਕ ਦੀ ਪੂਰੀ ਤਨਖ਼ਾਹ ਅਤੇ ਸੇਵਾ ਫੰਡ ਵਿੱਚ ਜਮ੍ਹਾਂ ਰਕਮ ਦੇ ਨਾਲ-ਨਾਲ ਸਰਕਾਰ ਦਾ ਯੋਗਦਾਨ ਮਿਲਦਾ ਹੈ।

ਜੇਕਰ ਅਗਨੀਵੀਰ ਦੀ ਡਿਊਟੀ ਦੌਰਾਨ ਮੌਤ ਨਹੀਂ ਹੁੰਦੀ ਹੈ, ਤਾਂ ਪਰਿਵਾਰ ਨੂੰ 48 ਲੱਖ ਰੁਪਏ ਦਾ ਬੀਮਾ ਕਵਰ ਅਤੇ ਸੇਵਾ ਫੰਡ ਵਿੱਚ ਜਮ੍ਹਾ ਰਾਸ਼ੀ ਅਤੇ ਸਰਕਾਰ ਦੇ ਯੋਗਦਾਨ ਦਿੱਤਾ ਜਾਂਦਾ ਹੈ।

ਇਸ ਦੇ ਨਾਲ ਹੀ, ਵਿਕਲਾਂਗਤਾ ਦੀ ਸਥਿਤੀ ਵਿੱਚ, ਅਗਨੀਵੀਰ ਨੂੰ ਅਪੰਗਤਾ ਦੇ ਪੱਧਰ (100%, 75% ਜਾਂ 50%) ਦੇ ਆਧਾਰ ‘ਤੇ 44 ਲੱਖ, 25 ਲੱਖ ਜਾਂ 15 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ 4 ਸਾਲ ਤੱਕ ਦੀ ਪੂਰੀ ਤਨਖ਼ਾਹ ਅਤੇ ਸੇਵਾ ਫੰਡ, ਤੇ ਸੇਵਾ ਨਿਧੀ ਫੰਡ ਵਿੱਚ ਜਮਾਂ ਰਕਮ ਤੇ ਸਰਕਾਰ ਦਾ ਯੋਗਦਾਨ ਦਿੱਤਾ ਜਾਂਦਾ ਹੈ।

ਸੰਸਦ ’ਚ ਅਗਨੀਵੀਰ ’ਤੇ ਰਾਹੁਲ ਗਾਂਧੀ ਤੇ ਰਾਜਨਾਥ ਸਿੰਘ ਨੇ ਕੀ ਕਿਹਾ?

ਸੰਸਦ ਸੈਸ਼ਨ ਦੇ ਛੇਵੇਂ ਦਿਨ ਸੋਮਵਾਰ (1 ਜੁਲਾਈ) ਨੂੰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਗਨੀਵੀਰ ਯੋਜਨਾ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਇਹ ਫੌਜ ਦੀ ਯੋਜਨਾ ਹੈ। ਫੌਜ ਜਾਣਦੀ ਹੈ ਕਿ ਇਹ ਸਕੀਮ ਫੌਜ ਦੀ ਨਹੀਂ ਸਗੋਂ ਪ੍ਰਧਾਨ ਮੰਤਰੀ ਦਾ ਦਿਮਾਗ ਹੈ। ਸਾਡੀ ਸਰਕਾਰ ਆਵੇਗੀ ਅਸੀਂ ਹਟਾ ਦੇਵਾਂਗੇ। ਅਗਨੀਵੀਰ. ਫੌਜੀਆਂ ਦੇ ਖਿਲਾਫ ਹੈ, ਫੌਜ ਦੇ ਖਿਲਾਫ ਹੈ।

ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਾਹੁਲ ਨੂੰ ਝੂਠੇ ਬਿਆਨ ਦੇ ਕੇ ਸਦਨ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਜੇਕਰ ਕੋਈ ਅਗਨੀਵੀਰ ਸਰਹੱਦ ’ਤੇ ਸ਼ਹੀਦ ਹੁੰਦਾ ਹੈ ਤਾਂ ਉਸ ਨੂੰ ਇਕ ਕਰੋੜ ਰੁਪਏ ਦਿੱਤੇ ਜਾਂਦੇ ਹਨ।

ਇਸ ’ਤੇ ਰਾਹੁਲ ਗਾਂਧੀ ਨੇ ਕਿਹਾ ਕਿ ਅਗਨੀਵੀਰ ਨੂੰ ਪਤਾ ਹੈ ਕਿ ਸੱਚਾਈ ਕੀ ਹੈ। ਇਸ ਦੇ ਜਵਾਬ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਦੀ ਪੁਸ਼ਟੀ ਹੋਣੀ ਚਾਹੀਦੀ ਹੈ ਅਤੇ ਜੇਕਰ ਉਹ ਸਾਬਤ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਸਦਨ ਅਤੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।