Punjab

ਸ੍ਰੀ ਅਕਾਲ ਤਖਤ ਦੇ ਨਵੇਂ ਜਥੇਦਾਰ ਸਾਹਮਣੇ 4 ਵੱਡੀ ਚੁਣੌਤੀਆਂ !

ਬਿਊਰੋ ਰਿਪੋਰਟ : ਕੌਮ ਸਾਹਮਣੇ ਦਰਪੇਸ਼ ਮੁਸ਼ਕਿਲਾਂ ਵਿਚਾਲੇ SGPC ਨੇ ਲੰਮੇ ਸਮੇਂ ਬਾਅਦ ਗਿਆਨੀ ਰਘਬੀਰ ਸਿੰਘ ਦੇ ਰੂਪ ਵਿੱਚ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਪੱਕਾ ਜਥੇਦਾਰ ਸੌਂਪਿਆ ਹੈ । ਜਥੇਦਾਰ ਰਘਬੀਰ ਸਿੰਘ ਦੇ ਸਾਹਮਣੇ ਬੇਅਦਬੀ ਖਿਲਾਫ ਸਖਤ ਫੈਸਲੇ,ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸਿੱਖ ਕੌਮ ਦੀ ਅਗਵਾਈ, ਪੰਥਕ ਏਕੇ ਅਤੇ ਆਪਣੇ ਆਪ ਨੂੰ ਪੱਖਪਾਤ ਅਤੇ ਸਿਆਸੀ ਟੈੱਗ ਤੋਂ ਬਚਾਉਣ ਵਰਗੀਆਂ ਵੱਡੀਆਂ ਚੁਣੌਤੀਆਂ ਹਨ । ਸ੍ਰੀ ਅਕਾਲ ਤਖਤ ਦੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਨਵੇਂ ਜਥੇਥਾਰ ਸਾਹਿਬ ਨੂੰ ਕਿਹਾ ਹੈ ਕਿ ਤਖਤ ਸਾਹਿਬ ਦੀ ਮਰਿਆਦਾ ਪਹਿਲਾਂ ਬਾਕੀ ਕਾਰਜ ਸਭ ਕੁਝ ਬਾਅਦ ਵਿੱਚ ਰੱਖਣ,ਇਹ ਛੋਟੀ ਸੇਵਾ ਨਹੀਂ ਹੈ ਜੋ ਕੌਮ ਨੇ ਉਨ੍ਹਾਂ ਨੂੰ ਦਿੱਤੀ ਹੈ । ਹਰਜਿੰਦਰ ਸਿੰਘ ਦਾ ਇਸ਼ਾਰਿਆ ਹੀ ਇਸ਼ਾਰਿਆਂ ਵਿੱਚ ਕਿਧਰੇ ਨਾ ਕਿਧਰੇ ਜਥੇਦਾਰਾਂ ਨੂੰ ਆਪਣਾ ਕੰਮ-ਕਾਜ ਪੰਥਕ ਅਤੇ ਧਾਰਮਿਕ ਮੁੱਦਿਆਂ ਦੇ ਇਰਦ-ਗਿਰਦ ਰੱਖਣ ਦੀ ਸਲਾਹ ਸੀ । ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਘਵ ਚੱਢਾ ਦੀ ਮੰਗਣੀ ‘ਤੇ ਜਾਣ ਅਤੇ ਸ੍ਰੋਮਣੀ ਅਕਾਲੀ ਦਲ ਦੀ ਅਲੋਚਨਾ ਕਰਨ ਦੀ ਵਜ੍ਹਾ ਕਰਕੇ ਇਸ ਤੋਂ ਬਾਹਰ ਨਜ਼ਰ ਆਏ ਸਨ । ਹੁਣ ਤੁਹਾਨੂੰ ਦੱਸਦੇ ਹਾਂ ਇੱਕ ਪਾਠੀ ਸਿੰਘ ਤੋਂ ਸਿੱਖਾਂ ਦੇ ਸਭ ਤੋਂ ਸਿਰਮੋਰ ਤਖ਼ਤ ਦਾ ਜਥੇਦਾਰ ਬਣਨ ਤੱਕ ਤਾਂ ਗਿਆਨੀ ਰਘਬੀਰ ਸਿੰਘ ਦਾ ਸਫਰ ।

ਗਿਆਨੀ ਰਘਬੀਰ ਸਿੰਘ ਦਾ ਪਾਠੀ ਸਿੰਘ ਤੋਂ ਜਥੇਦਾਰ ਤੱਕ ਦਾ ਸਫਰ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਗਏ ਗਿਆਨੀ ਰਘਬੀਰ ਸਿੰਘ ਸ੍ਰੀ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ 1989 ’ਚ ਪਾਠੀ ਸਿੰਘ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਅਤੇ 1995 ਤੱਕ ਵੱਖ-ਵੱਖ ਅਸਥਾਨਾਂ ’ਤੇ ਸੇਵਾ ਨਿਭਾਈ। ਜਥੇਦਾਰ ਗਿਆਨੀ ਰਘਬੀਰ ਸਿੰਘ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਅਖੰਡ ਪਾਠੀ ਵਜੋਂ ਸੇਵਾ ਕਰਦੇ ਰਹੇ। ਤਕਰੀਬਨ 9 ਸਾਲ 1995 ਤੋਂ 2014 ਤੱਕ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਦੀ ਸੇਵਾ ਨਿਭਾਈ । ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਬਲਦੇਵ ਸਿੰਘ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਲਹਿਰ ਦਾ ਮੁਖੀ ਬਣਾਇਆ ਸੀ,ਉਨ੍ਹਾਂ ਦੇ ਨਾਲ ਵੀ ਗਿਆਨੀ ਰਘਵੀਰ ਸਿੰਘ ਨੇ ਲੰਬਾ ਸਮਾਂ ਸਹਾਇਕ ਵਜੋਂ ਸੇਵਾ ਨਿਭਾਈ। 21 ਅਪ੍ਰੈਲ 2014 ਨੂੰ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਗ੍ਰੰਥੀ ਸੇਵਾ ਦਿੱਤੀ ਗਈ । ਗ੍ਰੰਥੀ ਦੀ ਸੇਵਾ ਨਿਭਾਉਣ ਦੇ 3 ਸਾਲ ਬਾਅਦ 24 ਅਗਸਤ 2017 ਨੂੰ ਗਿਆਨੀ ਰਘਬੀਰ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ-ਸੰਭਾਲ ਦਿੱਤੀ ਗਈ। ਗਿਆਨੀ ਰਘਬੀਰ ਸਿੰਘ ਨੂੰ ਹੁਣ 16 ਜੂਨ 2023 ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਵੀ ਸੇਵਾ ਨਿਭਾਉਣਗੇ

ਭਾਈ ਸੁਲਤਾਨ ਸਿੰਘ ਦਾ ਅਰਦਾਸੀਆ ਤੋਂ ਜਥੇਦਾਰ ਤੱਕ ਦਾ ਸਫਰ

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਦੀ ਜ਼ਿੰਮੇਵਾਰੀ ਗਿਆਨੀ ਸੁਲਤਾਨ ਸਿੰਘ ਨੂੰ ਸੌਂਪੀ ਗਈ ਹੈ । ਇਸ ਵੇਲੇ ਉਹ ਸੱਚ ਖੰਡ ਸ੍ਰੀ ਹਰਮਿੰਦਰ ਸਾਹਿਬ ਵਿੱਚ ਗ੍ਰੰਥੀ ਸਿੰਘ ਵੱਜੋਂ ਸੇਵਾ ਨਿਭਾ ਰਹੇ ਹਨ ਅਤੇ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਾਲ ਉਹ ਇਹ ਵੀ ਸੇਵਾ ਨਿਭਾਉਂਦੇ ਰਹਿਣਗੇ । ਗਿਆਨੀ ਸੁਲਤਾਨ ਸਿੰਘ 2008 ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਨਿਯੁਕਤ ਹੋਏ ਸਨ । 2015 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਨ੍ਹਾਂ ਨੇ ਅਰਦਾਸੀਆ ਵਜੋਂ ਸੇਵਾ ਸੰਭਾਲੀ । ਫਿਰ 6 ਸਾਲ ਬਾਅਦ ਉਨ੍ਹਾਂ ਦੀ 2021 ਵਿੱਚ ਸ੍ਰੀ ਹਰਮਿੰਦਰ ਸਾਹਿਬ ਦੇ ਗ੍ਰੰਥੀ ਵਜੋਂ ਨਿਯੁਕਤੀ ਹੋਏ ਸੀ। ਹੁਣ 2 ਸਾਲ ਬਾਅਦ ਉਨ੍ਹਾਂ ਨੂੰ SGPC ਦੀ ਅੰਤ੍ਰਿੰਗ ਕਮੇਟੀ ਨੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ।