Punjab

ਰਾਘਵ ਚੱਢਾ ਨੇ ਮਜੀਠੀਆ ਮਾਮਲੇ ‘ਤੇ ਘੇਰੀ ਚੰਨੀ ਸਰਕਾਰ, ਦਿੱਤਾ ਨਵਾਂ ਨਾਂ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਾ ਤਸਕਰੀ ਮਾਮਲੇ ‘ਤੇ ਦਰਜ ਹੋਏ ਕੇਸ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਾਨੂੰ ਪੁਲਿਸ ਦੇ ਇੱਕ ਉੱਚ ਅਧਿਕਾਰੀ ਨੇ ਜਾਣਕਾਰੀ ਦਿੱਤੀ ਸੀ ਕਿ ਚੰਨੀ ਸਰਕਾਰ ਚੋਣਾਂ ਨੇੜੇ ਆਉਂਦੀਆਂ ਵੇਖ ਇੱਕ ਕਮਜ਼ੋਰ ਕੇਸ ਦਰਜ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੂੰ ਗ੍ਰਿਫਤਾਰ ਕਰਵਾਏਗੀ। ਚੋਣਾਂ ਨੇੜੇ ਆਉਂਦਾ ਵੇਖ ਚੰਨੀ ਸਰਕਾਰ ਇੱਕ ਇਲੈੱਕਸ਼ਨ ਸਟੰਟ ਕਰ ਰਹੀ ਹੈ। ਕਾਂਗਰਸ ਸਰਕਾਰ ਨੇ ਪੰਜ ਸਾਲ ਨਸ਼ੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਮੈਂ ਸਾਰੀ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਉਹ ਕਾਂਗਰਸ ਦੇ ਇਸ ਝੂਠ-ਫਰੇਬ ਵਿੱਚ ਨਾ ਫਸੇ। ਅੱਜ ਪੰਜਾਬ ਦੇ ਹਰ ਗਲੀ, ਮੁਹੱਲੇ ਵਿੱਚ ਨਸ਼ਾ ਵਿਕਦਾ ਹੈ। ਇਹ ਸਟੰਟਮੈਨ ਚੰਨੀ ਦਾ ਚੋਣਾਂ ਤੋਂ ਪਹਿਲਾਂ ਇੱਕ ਸਟੰਟ ਹੈ ਜਿਸ ਵਿੱਚ ਅਸੀਂ ਨਹੀਂ ਪਵਾਂਗੇ। ਚੰਨੀ ਸਰਕਾਰ ਇੱਕ ਕਮਜ਼ੋਰ ਕੇਸ ਬਣਾ ਕੇ ਬਿਕਰਮ ਮਜੀਠੀਆ ਨੂੰ ਜੇਲ੍ਹ ਅੰਦਰ ਭੇਜ ਦੇਵੇਗੀ ਅਤੇ ਇਹ ਇੰਨਾ ਕਮਜ਼ੋਰ ਕੇਸ ਹੋਵੇਗਾ ਕਿ ਅਗਲੇ ਹੀ ਦਿਨ ਉਨ੍ਹਾਂ ਨੂੰ ਜ਼ਮਾਨਤ ਮਿਲ ਜਾਵੇਗੀ। ਇਹ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਇੱਕ ਫਿਕਸਡ ਮੈਚ ਹੈ ਜਿਸ ਤਹਿਤ ਸਭ ਕੁੱਝ ਹੋ ਰਿਹਾ ਹੈ। ਜਿੰਨਾ ਨਸ਼ਾ ਅਕਾਲੀ ਸਰਕਾਰ ਵੇਲੇ ਵਿਕਿਆ ਸੀ, ਓਨਾ ਹੀ ਕਾਂਗਰਸ ਸਰਕਾਰ ਵੇਲੇ ਵਿਕ ਰਿਹਾ ਹੈ।

ਰਾਘਵ ਚੱਢਾ ਨੇ ਕਿਹਾ ਕਿ ਮਜੀਠੀਆ ਖਿਲਾਫ ਦਰਜ ਹੋਈ ਐੱਫਆਈਆਰ ਵਿੱਚ ਲਿਖਿਆ ਹੋਇਆ ਹੈ ਕਿ ਗੁਨਾਹ ਦਾ ਸਮਾਂ 2004 ਤੋਂ 2014 ਵਿਚਕਾਰ ਕੀਤਾ ਗਿਆ ਹੈ। 2007 ਤੋਂ 2012 ਤੱਕ ਕਾਂਗਰਸ ਦੀ ਸਰਕਾਰ ਸੀ ਤਾਂ ਉਹ ਗੁਨਾਹ ਨੂੰ ਰੋਕ ਸਕਦੀ ਸੀ। 2017 ਤੋਂ 2022 ਤੱਕ ਵੀ ਕਾਂਗਰਸ ਦੀ ਸਰਕਾਰ ਹੈ, ਉਦੋਂ ਵੀ ਐਕਸ਼ਨ ਲੈ ਸਕਦੀ ਸੀ ਪਰ ਨਹੀਂ ਲਿਆ। ਹੁਣ ਚੋਣ ਆਉਣ ਵਾਲੀ ਹੈ, ਇਸ ਲਈ ਹੁਣ ਐਕਸ਼ਨ ਲੈ ਕੇ ਇੱਕ ਝੂਠੀ ਐੱਫਆਈਆਰ ਦਰਜ ਕਰਵਾ ਕੇ ਜਨਤਾ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਤਿੰਨ ਵਾਰ ਆਪਣਾ ਡੀਜੀਪੀ ਬਦਲ ਚੁੱਕੇ ਹਨ। ਆਪ ਪਾਰਟੀ ਹੀ ਸਿਰਫ ਇਕਲੌਤੀ ਪਾਰਟੀ ਹੈ ਜੋ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰ ਸਕਦੀ ਹੈ।

Comments are closed.