’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਦਿੱਲੀ ਚੱਲੋ ਅੰਦੋਲਨ ਪੰਜਾਬ ਤੋਂ ਉੱਠਿਆ ਅਤੇ ਦੇਸ਼ ਭਰ ਵਿੱਚ ਇਸ ਦੀ ਗੂੰਜ ਸੁਣਾਈ ਦੇ ਰਹੀ ਹੈ। ਦੇਸ਼ ਭਰ ਦਾ ਕਿਸਾਨ ਪੰਜਾਬ ਦੇ ਕਿਸਾਨਾਂ ਨਾਲ ਉੱਠ ਖਲੋਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਅੰਦੋਲਨ ਨਾਲ ਪੰਜਾਬ ਦੀ ਸਿਆਸਤ ’ਤੇ ਵੀ ਅਸਰ ਪਏਗਾ। ਉਂਞ ਪੰਜਾਬ ਦੀਆਂ ਲ਼ਗਭਗ ਸਾਰੀਆਂ ਸਿਆਸੀ ਪਾਰਟੀਆਂ ਆਪਣੇ-ਆਪ ਨੂੰ ਕਿਸਾਨ ਹਿਤੈਸ਼ੀ ਦੱਸ ਰਹੀਆਂ ਹਨ। ਕਿਸਾਨਾਂ ਦੇ ਪੱਖ ਵਿੱਚ ਸਾਰੀਆਂ ਪਾਰਟੀਆਂ ਨੇ ਇੱਕ ਸੁਰ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਤੇ ਇਸ ਦੇ ਖ਼ਿਲਾਫ਼ ਨਵੇਂ ਕਾਨੂੰਨ ਪਾਸ ਕੀਤੇ ਜਿਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ। ਪਰ ਹੁਣ ਆਪਣੇ-ਆਪ ਨੂੰ ਕਿਸਾਨ ਹਿਤੈਸ਼ੀ ਦੱਸਣ ਵਾਲੇ ਸਿਆਸੀ ਲੀਡਰ ਵੀ ਸਵਾਲਾਂ ਦੇ ਘੇਰੇ ਵਿੱਚ ਆ ਰਹੇ ਹਨ।
ਦਰਅਸਲ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਦੇ ਨਾਲ-ਨਾਲ ਵੱਡੇ ਕਾਰਪੋਰੇਟ ਘਰਾਣਿਆਂ ਖਿਲਾਫ ਵੀ ਮੋਰਚਾ ਖੋਲ੍ਹ ਰਹੇ ਹਨ। ਕਿਸਾਨਾਂ ਨੇ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦੇ ਸਾਰੇ ਉਤਪਾਦਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇੱਕ ਪਾਸੇ ਸਿਆਸੀ ਲੀਡਰ ਕਿਸਾਨਾਂ ਦਾ ਪੱਖ ਪੂਰ ਰਹੇ ਹਨ ਤੇ ਦੂਜੇ ਪਾਸੇ ਉਹ ਅੰਬਾਨੀ ਦੇ ਟਾਵਰਾਂ ਨੂੰ ਕਿਰਾਏ ਉੱਤੇ ਜ਼ਮੀਨ ਦੇ ਕੇ ਮੋਟੀ ਕਮਾਈ ਵੀ ਕਰ ਰਹੇ ਹਨ। ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਅਕਾਲੀ ਦਲ ਦੇ ਲੀਡਰ ਰਿਲਾਇੰਸ ਦੇ ਟਾਵਰਾਂ ਨੂੰ ਜ਼ਮੀਨ ਦੇ ਕੇ ਮੋਟੀ ਕਮਾਈ ਕਰ ਰਹੇ ਹਨ।
ਚਰਨਜੀਤ ਭੁੱਲਰ ਦੀ ਰਿਪੋਰਟ ਵਿੱਚ ਲਿਖਿਆ ਹੈ ਕਿ ‘ਰਿਲਾਇੰਸ’ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ ਨੂੰ 10 ਮੋਬਾਈਲ ਟਾਵਰਾਂ ਲਈ ਦਿੱਤੀ ਜ਼ਮੀਨ ਬਦਲੇ ਕਿਰਾਇਆ ਦਿੱਤਾ ਜਾ ਰਿਹਾ ਹੈ। ਵਿਜੀਲੈਂਸ ਵੱਲੋਂ ਜਦ ਕੋਲਿਆਂ ਵਾਲੀ ’ਤੇ ਪਰਚਾ ਦਰਜ ਕੀਤਾ ਗਿਆ ਸੀ, ਉਦੋਂ ਸਾਬਕਾ ਚੇਅਰਮੈਨ ਨੇ ਖ਼ੁਦ ਕਬੂਲ ਕੀਤਾ ਸੀ ਕਿ ਉਸ ਨੂੰ 11 ਮੋਬਾਈਲ ਟਾਵਰਾਂ ਵਾਲੀ ਜ਼ਮੀਨ ਤੋਂ ਮਹੀਨਾਵਾਰ ਕਿਰਾਇਆ ਆ ਰਿਹਾ ਹੈ। ਵਿਜੀਲੈਂਸ ਦੀ ਰਿਪੋਰਟ ਅਨੁਸਾਰ ਸਾਬਕਾ ਚੇਅਰਮੈਨ ਦੀ ਪਤਨੀ ਦੇ ਨਾਂ ਵਾਲੀ ਜ਼ਮੀਨ ’ਤੇ ਪਿੰਡ ਬੋਦੀਵਾਲਾ, ਕਿਲਿਆਂਵਾਲੀ, ਭਲਾਈਆਣਾ, ਭੈਣੀ ਚੂਹੜ ’ਚ ਰਿਲਾਇੰਸ ਦੇ ਟਾਵਰ ਹਨ।
ਇਸੇ ਤਰ੍ਹਾਂ ਹੀ ਕੋਲਿਆਂ ਵਾਲੀ ਦੇ ਪੁੱਤਰ ਦੇ ਨਾਂ ਵਾਲੀ ਜ਼ਮੀਨ ’ਤੇ ਪਿੰਡ ਕਬਰਵਾਲਾ, ਅਰਨੀਵਾਲਾ ਮੰਡੀ, ਸ਼ਾਮ ਖੇੜਾ, ਜੱਸੀ ਬਾਗਵਾਲੀ ਅਤੇ ਕੋਲਿਆਂਵਾਲੀ ਦੀ ਧੀ ਦੇ ਨਾਂ ਵਾਲੀ ਜ਼ਮੀਨ ’ਤੇ ਪਿੰਡ ਦਾਨੇਵਾਲਾ, ਗੁਰੂਸਰ ਵਿਚ ਰਿਲਾਇੰਸ ਦੇ ਟਾਵਰ ਹਨ। ਇਨ੍ਹਾਂ ਲਈ ਕਿਰਾਏ ’ਤੇ ਜ਼ਮੀਨ ਦਿੱਤੀ ਗਈ। ਕੋਲਿਆਂਵਾਲੀ ਦੇ ਖ਼ੁਦ ਦੇ ਨਾਂ ’ਤੇ ਇੱਕ ਟਾਵਰ ਏਅਰਟੈੱਲ ਕੰਪਨੀ ਦਾ ਹੈ। ਭਾਵੇਂ ਕਾਨੂੰਨੀ ਤੌਰ ’ਤੇ ਇਸ ਵਿਚ ਕੁਝ ਗਲਤ ਨਹੀਂ ਹੈ ਪਰ ਰਿਲਾਇੰਸ ਵੱਲੋਂ ਸਿਰਫ਼ ਨੇਤਾਵਾਂ ਦੀ ਜ਼ਮੀਨ ਦੀ ਹੀ ਚੋਣ ਕਰਨਾ ਸ਼ੰਕੇ ਖੜ੍ਹੇ ਕਰਦਾ ਹੈ।
ਪੰਜਾਬ ’ਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੇਲੇ ਰਿਲਾਇੰਸ ਨੂੰ ਅਕਾਲੀ ਆਗੂਆਂ ਨੇ ਮੋਬਾਈਲ ਟਾਵਰਾਂ ਲਈ ਜ਼ਮੀਨ ਦਿੱਤੀ ਸੀ। ਸੂਤਰਾਂ ਅਨੁਸਾਰ ਨੇਤਾਵਾਂ ਨੇ ਪਹਿਲਾਂ ਰਿਲਾਇੰਸ ਤੋਂ ਟਾਵਰ ਲਾਏ ਜਾਣ ਵਾਲੀ ਥਾਂ ਦੀ ਸੂਚੀ ਹਾਸਲ ਕਰ ਲਈ ਅਤੇ ਮਗਰੋਂ ਸ਼ਨਾਖਤ ਕੀਤੇ ਪਿੰਡਾਂ ਵਿੱਚ ਥੋੜ੍ਹੀ-ਥੋੜ੍ਹੀ ਜ਼ਮੀਨ ਖਰੀਦ ਲਈ। ਇਸ ਖ਼ਰੀਦ ਕੀਤੀ ਜ਼ਮੀਨ ’ਤੇ ਰਿਲਾਇੰਸ ਨੇ ਮੋਬਾਈਲ ਟਾਵਰ ਖੜ੍ਹੇ ਕਰ ਦਿੱਤੇ ਅਤੇ ਆਗੂਆਂ ਨੂੰ ਹਰ ਮਹੀਨੇ ਕਿਰਾਇਆ ਦੇਣਾ ਸ਼ੁਰੂ ਕਰ ਦਿੱਤਾ। ਪੇਂਡੂ ਖੇਤਰ ਵਿਚ ਪ੍ਰਤੀ ਟਾਵਰ 20 ਹਜ਼ਾਰ ਰੁਪਏ ਤੱਕ ਪ੍ਰਤੀ ਮਹੀਨਾ ਕਿਰਾਇਆ ਮਿਲ ਰਿਹਾ ਹੈ।