‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਦੇ ਮਾਮਲੇ ਵਿੱਚ ਮੁੱਖ ਮੁਲਜਮ ਸੌਦਾ ਸਾਧ ਗੁਰਮੀਤ ਰਾਮ ਰਹੀਮ ਤੋਂ ਪੰਜਾਬ ਪੁਲਿਸ ਦੀ ਸਿਟ ਨੇ 8 ਅਗਸਤ ਨੂੰ ਕਰੀਬ ਨੌ ਘੰਟੇ ਪੁੱਛਗਿਛ ਕੀਤੀ ਹੈ। ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਕੀਤੀ ਗਈ ਰਾਮ ਰਹੀਮ ਤੋਂ ਪੁੱਛਗਿੱਛ ਵੇਲੇ ਉਸਦੇ ਵਕੀਲ ਵੀ ਮੌਜੂਦ ਸਨ। ਸੂਤਰਾਂ ਮੁਤਾਬਕ ਰਾਮ ਰਹੀਮ ਤੋਂ 114 ਸਵਾਲ ਪੁੱਛੇ ਗਏ ਸਨ। ਐੱਸਆਈਟੀ ਵੱਲੋਂ ਰਾਮ ਰਹੀਮ ਨੂੰ ਪੁੱਛੇ ਗਏ ਸਵਾਲ :
SIT : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕਰਨ ਦਾ ਪਲੈਨ ਕਿਸਦਾ ਸੀ ?
ਰਾਮ ਰਹੀਮ : ਮੈਂ ਬਿਲਕੁਲ ਨਹੀਂ ਜਾਣਦਾ।
SIT : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕਰਨ ਤੋਂ ਬਾਅਦ ਕਿੱਥੇ ਲਿਜਾਇਆ ਗਿਆ, ਹੁਣ ਬਾਕੀ ਅੰਗ ਕਿੱਥੇ ਹਨ ?
ਰਾਮ ਰਹੀਮ : ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
SIT : ਤੁਹਾਨੂੰ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਕਿਸੇ ਦੱਸਿਆ ?
ਰਾਮ ਰਹੀਮ : ਮੈਂ ਸਤਿਸੰਗ ਲਈ ਜਾ ਰਿਹਾ ਸੀ ਤਾਂ ਮੈਨੂੰ ਦਰਸ਼ਨ ਸਿੰਘ ਨੇ ਜਾਣਕਾਰੀ ਦਿੱਤੀ। ਮੈਂ ਕਿਹਾ ਕਿ ਕਾਫ਼ੀ ਗਲਤ ਕੰਮ ਹੋਇਆ, ਉਸਨੇ ਨਹੀਂ ਦੱਸਿਆ ਕਿਸਨੇ ਬੇਅਦਬੀ ਕੀਤੀ।
SIT : ਬੇਅਦਬੀ ਕਰਨ ਪਿੱਛੇ ਤੁਹਾਡੀ ਕੀ ਸੋਚ ਸੀ, ਕੀ ਉਹ ਸੋਚ ਸਫ਼ਲ ਹੋਈ ?
ਰਾਮ ਰਹੀਮ : ਅਸੀਂ ਕੋਈ ਬੇਅਦਬੀ ਨਹੀਂ ਕੀਤੀ, ਨਾ ਹੀ ਕਿਸੇ ਨੂੰ ਅਜਿਹਾ ਕਰਨ ਦਾ ਆਦੇਸ਼ ਦਿੱਤਾ।
SIT : ਖ਼ਾਸ ਇੱਕ ਹਿੱਸੇ ‘ਚ ਬੇਅਦਬੀ ਕਰਨ ਪਿੱਛੇ ਕੀ ਮੰਸ਼ਾ ਸੀ ?
ਰਾਮ ਰਹੀਮ : ਮੈਂ ਕੁੱਝ ਨਹੀਂ ਜਾਣਦਾ।
SIT : ਸਿੱਖਾਂ ਤੋਂ ਬਦਲਾ ਲੈਣ ਲਈ ਕੀ ਇੱਕ ਗੁਪਤ ਮੀਟਿੰਗ ਦੀ ਯੋਜਨਾ ਸੀ ?
ਰਾਮ ਰਹੀਮ : ਨਾ ਤਾਂ ਕੋਈ ਅਜਿਹੀ ਮੀਟਿੰਗ ਹੋਈ ਤੇ ਨਾ ਹੀ ਕੋਈ ਅਜਿਹੀ ਯੋਜਨਾ ਸੀ।
SIT : ਸਿੱਖ ਧਰਮ ਅਤੇ ਗੁਰੂ ਗ੍ਰੰਥ ਸਾਹਿਬ ਜੀ ਖਿਲਾਫ ਪੋਸਟਰ ਲਗਾਉਣ ਦਾ ਕਿਸਦਾ ਪਲੈਨ ਸੀ ?
ਰਾਮ ਰਹੀਮ : ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ।
SIT : ਕੀ ਤੁਸੀਂ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ ਨੂੰ ਜਾਣਦੇ ਹੋ ? ਜੋ ਪੋਸਟਰ ‘ਚ ਹੈਂਡ ਰਾਈਟਿੰਗ ਸੀ, ਉਹ ਸੁਖਜਿੰਦਰ ਦੀ ਹੈਂਡ ਰਾਈਟਿੰਗ ਨਾਲ ਮੈਚ ਹੋ ਗਈ ਸੀ।
ਰਾਮ ਰਹੀਮ : ਮੈਂ ਅਜਿਹੇ ਕਿਸੇ ਸ਼ਖ਼ਸ ਨੂੰ ਨਹੀਂ ਜਾਣਦਾ।
SIT : ਕੀ ਮੋਹਿੰਦਰਪਾਲ ਬਿੱਟੂ ਦੀ ਹੱਤਿਆ ਬੇਅਦਬੀ ਕਾਰਨ ਹੋਈ ?
ਰਾਮ ਰਹੀਮ : ਮੈਨੂੰ ਜੇਲ੍ਹ ਦੇ ਅਧਿਕਾਰੀ ਨੇ ਦੱਸਿਆ ਸੀ ਪਰ ਹੱਤਿਆ ਕਿਉਂ ਹੋਈ, ਨਾ ਹੀ ਦੱਸਿਆ ਅਤੇ ਨਾ ਹੀ ਮੈਂ ਕਦੇ ਪੁੱਛਿਆ।
SIT : ਬੁਰਜ ਜਵਾਹਰ ਸਿੰਘ ਵਾਲਾ ‘ਚ ਮਾਝੀ ਦੇ ਦੀਵਾਨ ਵਿੱਚ ਲਾਕੇਟ ਸੁੱਟਣ ਬਾਰੇ ਕਿਸਨੇ ਦੱਸਿਆ ?
ਰਾਮ ਰਹੀਮ : ਇਸ ਬਾਰੇ ਕੁੱਝ ਨਹੀਂ ਪਤਾ, ਮੈਂ ਤਾਂ ਤੁਹਾਡੇ ਤੋਂ ਸੁਣ ਰਿਹਾ ਹਾਂ, ਜਿਨ੍ਹਾਂ ਨੇ ਕੀਤਾ ਭਗਵਾਨ ਉਨ੍ਹਾਂ ਨੂੰ ਅਕਲ ਦੇਵੇ।
SIT : ਡੇਰੇ ਨਾਲ ਜੁੜੇ ਲਾਕੇਟ ਸੁੱਟਣ ਪਿੱਛੇ ਤੁਹਾਡਾ ਐਕਸ਼ਨ ਪਲੈਨ ਕੀ ਸੀ ?
ਰਾਮ ਰਹੀਮ : ਭਗਵਾਨ ਸਾਰਿਆਂ ਨੂੰ ਸੁਮੱਤ ਬਖਸ਼ੇ, ਮੈਂ ਕੁੱਝ ਨਹੀਂ ਕਹਿਣਾ ਚਾਹੁੰਦਾ, ਨਾ ਮੈਂ ਕਿਸੇ ਨੂੰ ਕੁੱਝ ਕਿਹਾ।
SIT : ਤੁਹਾਡੇ ਦਾਦੂਵਾਲ, ਢੱਡਰੀਆਂਵਾਲੇ, ਪੰਥਪ੍ਰੀਤ ਤੇ ਮਾਝੀ ਨਾਲ ਕਿਸ ਤਰ੍ਹਾਂ ਦੇ ਰਿਸ਼ਤੇ ਸਨ ?
ਰਾਮ ਰਹੀਮ : ਇਨ੍ਹਾਂ ਵਿੱਚੋਂ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ। ਗੁਖਿਆਵਾਲੀ ਵਿੱਚ ਸਾਡੇ ਕਾਫ਼ਲੇ ‘ਤੇ ਹਮਲਾ ਹੋਇਆ ਸੀ। ਉਸ ਵੇਲੇ ਮੈਂ ਡਰਾਈਵਰ ਨੂੰ ਗੱਲਾਂ ਕਰਦੇ ਸੁਣਿਆ ਸੀ ਕਿ ਹਮਲੇ ਪਿੱਛੇ ਦਾਦੂਵਾਲ ਦਾ ਹੱਥ ਹੋ ਸਕਦਾ ਹੈ।
SIT : ਸਾਡੀ ਜਾਂਚ ਵਿੱਚ ਸਾਹਮਣੇ ਆਇਆ ਕਿ ਤੁਸੀਂ ਦਾਦੂਵਾਲ ਦੀ ਹੱਤਿਆ ਕਰਨਾ ਚਾਹੁੰਦੇ ਸੀ ?
ਰਾਮ ਰਹੀਮ : ਮੈਂ ਕਿਸੇ ਤੋਂ ਸੁਣਿਆ ਸੀ ਕਿ ਦਾਦੂਵਾਲ ਮੇਰੀ ਹੱਤਿਆ ਕਰਨਾ ਚਾਹੁੰਦਾ ਪਰ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਤੇ ਨਾ ਹੀ ਕਿਸੇ ਨੂੰ ਮਾਰਨਾ ਚਾਹੁੰਦੇ ਹਾਂ।
SIT : ਤੁਸੀਂ ਕਿਹੜੇ ਧਾਰਮਿਕ ਗ੍ਰੰਥ ਨੂੰ ਮੰਨਦੇ ਹੋ, ਕੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਮੁੱਢਲੀ ਜਾਣਕਾਰੀ ਹੈ ?
ਰਾਮ ਰਹੀਮ : ਗੁਰੂ ਸਾਹਿਬ ਦੀ ਪਵਿੱਤਰ ਬਾਣੀ ਦੇ ਇਲਾਵਾ ਰਾਮਾਇਣ, ਗੀਤਾ, ਬਾਈਬਲ ਅਤੇ ਕੁਰਾਨ ਸ਼ਰੀਫ਼ ਪੜਦਾ ਹਾਂ।
SIT : ਤੁਸੀਂ ਧਾਰਮਿਕ ਗੁਰੂ ਹੋ, ਫਿਰ ਕਿਉਂ ਆਪਣੇ ਸਮਰਥਕਾਂ ਤੋਂ ਬੇਅਦਬੀ ਕਰਵਾਈ ?
ਰਾਮ ਰਹੀਮ : ਮੈਂ ਕਿਸੇ ਨੂੰ ਅਜਿਹਾ ਕੁੱਝ ਵੀ ਕਰਨ ਨੂੰ ਨਹੀਂ ਕਿਹਾ।
SIT : ਕੀ ਡੇਰਾ ਸਿਰਸਾ ਵਿੱਚ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਹੈ ?
ਰਾਮ ਰਹੀਮ : ਨਹੀਂ
SIT : ਭਗੌੜੇ ਮੁਲਜ਼ਮ ਹੁਣ ਕਿੱਥੇ ਹਨ ?
ਰਾਮ ਰਹੀਮ : ਮੈਨੂੰ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ।
SIT : ਜਾਮ-ਏ-ਇੰਸਾ ਪਿੱਛੇ ਕੀ ਮਨਸ਼ਾ ਸੀ, ਕਿਸਨੇ ਸਲਾਹ ਦਿੱਤੀ ਸੀ ?
ਰਾਮ ਰਹੀਮ : ਮੈਨੂੰ ਕਿਸੇ ਨੇ ਸਲਾਹ ਨਹੀਂ ਦਿੱਤੀ ਸੀ।
SIT : ਜਾਮ-ਏ-ਇੰਸਾ ਕਰਨ ਦੇ ਬਾਅਦ ਮੁਆਫੀ ਮੰਗਣ ਲਈ ਕਿਸਨੇ ਕਿਹਾ ਸੀ, ਕੀ ਤੁਸੀਂ ਮੁਆਫੀਨਾਮੇ ‘ਤੇ ਦਸਤਖ਼ਤ ਕੀਤੇ ਸਨ ?
ਰਾਮ ਰਹੀਮ : ਚਾਰ ਧਰਮਾਂ ਦੇ ਪ੍ਰਚਾਰਕਾਂ ਦੇ ਕਹਿਣ ‘ਤੇ ਮੈਂ ਮੁਆਫੀ ਮੰਗੀ ਸੀ, ਮੈਂ ਉਨ੍ਹਾਂ ਦੇ ਨਾਂਅ ਨਹੀਂ ਜਾਣਦਾ।
SIT : ਜਿਸ ਡਰੈੱਸ ਨੂੰ ਲੈ ਕੇ ਵਿਵਾਦ ਹੋਇਆ ਸੀ, ਉਹ ਡਰੈੱਸ ਹੁਣ ਕਿੱਥੇ ਹੈ ?
ਰਾਮ ਰਹੀਮ : ਸ਼ਾਇਦ ਪੁਲਿਸ ਕੋਲ ਹੋਵੇ।
SIT : ਪੰਜਾਬ ਵਿੱਚ ਤੁਹਾਡੀ ਫਿਲਮ ਦਾ ਵਿਰੋਧ ਹੋਇਆ ਸੀ, ਕਿਸਨੇ ਰਿਲੀਜ਼ ਕਰਵਾਈ ?
ਰਾਮ ਰਹੀਮ : ਦਰਸ਼ਨ ਸਿੰਘ ਨੇ ਮੈਨੂੰ ਦੱਸਿਆ ਸੀ ਕਿ ਪੰਜਾਬ ਵਿੱਚ ਫਿਲਮ ਰਿਲੀਜ਼ ਨਹੀਂ ਹੋ ਰਹੀ। ਕੌਣ ਵਿਰੋਧ ਕਰ ਰਿਹਾ ਹੈ, ਇਹ ਨਹੀਂ ਸੀ ਦੱਸਿਆ।
SIT : MSG-2 ਰਿਲੀਜ਼ ਹੋਣ ਦੇ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁਆਫੀਨਾਮਾ ਵਾਪਿਸ ਕਿਉਂ ਲਿਆ ਸੀ ?
ਰਾਮ ਰਹੀਮ : ਮੈਨੂੰ ਦਰਸ਼ਨ ਸਿੰਘ ਨੇ ਇਸ ਬਾਰੇ ਦੱਸਿਆ ਸੀ ਪਰ ਕਾਰਨ ਨਹੀਂ ਦੱਸਿਆ। ਇਸਦੇ ਬਾਰੇ ਦਰਸ਼ਨ ਸਿੰਘ ਹੀ ਦੱਸ ਸਕਦਾ ਹੈ।
SIT : 18 ਸਤੰਬਰ, 2015 ਨੂੰ MSG-2 ਰਿਲੀਜ਼ ਹੁੰਦੀ ਹੈ। 24 ਸਤੰਬਰ, 2015 ਨੂੰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੁਹਾਨੂੰ ਮੁਆਫ ਕਰ ਦਿੰਦਾ ਹੈ, ਇਸਦਾ ਕੀ ਕੁਨੈਕਸ਼ਨ ਹੈ ?
ਰਾਮ ਰਹੀਮ : ਦਰਸ਼ਨ ਸਿੰਘ ਮੇਰੇ ਕੋਲ ਇੱਕ ਲੈਟਰ ਲੈ ਕੇ ਆਇਆ ਸੀ, ਜਿਸ ‘ਤੇ ਮੈਂ ਦਸਤਖ਼ਤ ਕੀਤੇ ਸਨ।
SIT : ਤੁਸੀਂ ਆਪਣੇ ਕੁੜਮ ਨੂੰ ਕਿਉਂ ਮਾਰਨਾ ਚਾਹੁੰਦੇ ਸੀ। ਮੌੜ ਮੰਡੀ ਬਲਾਸਟ ਪਿੱਛੇ ਕੀ ਮੰਸ਼ਾ ਸੀ ?
ਰਾਮ ਰਹੀਮ : ਇਹ ਬਿਲਕੁਲ ਗਲਤ ਹੈ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ।
SIT : ਖੱਟਾ ਸਿੰਘ ਦੇ ਬਾਅਦ ਤੁਹਾਡਾ ਡਰਾਈਵਰ ਕੌਣ ਸੀ ?
ਰਾਮ ਰਹੀਮ : ਖੱਟਾ ਸਿੰਘ ਕਦੇ ਵੀ ਮੇਰਾ ਡਰਾਈਵਰ ਨਹੀਂ ਰਿਹਾ। ਫੂਲ ਮੇਰਾ ਡਰਾਈਵਰ ਸੀ।
SIT : ਹਨੀਪ੍ਰੀਤ ਕੌਣ ਹੈ, ਕੀ ਉਸਨੂੰ ਗੋਦ ਲੈਣ ਲਈ ਕੋਈ ਕਾਗਜ਼ ਤਿਆਰ ਕੀਤੇ ਸਨ ?
ਰਾਮ ਰਹੀਮ : ਉਸਦੇ ਆਪਣੇ ਸਹੁਰੇ ਪਰਿਵਾਰ ਨਾਲ ਮਤਭੇਦ ਸਨ ਅਤੇ ਆਪਣੇ ਪਰਿਵਾਰ ਨਾਲ ਡੇਰੇ ‘ਚ ਆਉਂਦੀ ਸੀ। ਇਸ ਲਈ ਉਸਨੂੰ ਧਾਰਮਿਕ ਬੇਟੀ ਬਣਾਇਆ।