India

ਦਿੱਲੀ ਕਾਂਝਵਾਲਾ ਮਾਮਲਾ : ਪੀੜਤਾ ਦਾ ਸਹੇਲੀ ਦੇ ਬਿਆਨਾਂ ‘ਤੇ ਉੱਠੇ ਸਵਾਲ,ਦੋਸਤ ਨੂੰ ਸੜਕ ‘ਤੇ ਗੰਭੀਰ ਹਾਲਤ ‘ਚ ਕਿਵੇਂ ਛੱਡ ਗਈ ?

ਦਿੱਲੀ : ਦਿੱਲੀ ਕਾਂਝਵਾਲਾ ਮਾਮਲੇ ਵਿੱਚ ਇੱਕ ਹੋਰ ਮੋੜ ਆਇਆ ਹੈ। ਮ੍ਰਿਤਕ ਲੜਕੀ ਦੇ ਦੋਸਤ,ਜੋ ਹਾਦਸੇ ਵਕਤ ਉਸ ਦੇ ਨਾਲ ਸੀ,ਨੇ ਮੀਡੀਆ ਅੱਗੇ ਆ ਕੇ ਕਈ ਦਾਅਵੇ ਕੀਤੇ ਹਨ । ਉਸ ਨੇ ਕਿਹਾ ਹੈ ਕਿ ਸ਼ਨੀਵਾਰ ਰਾਤ ਨੂੰ ਆਪਣੇ ਦੋਸਤਾਂ ਨੂੰ ਮਿਲਣ ਲਈ ਇੱਕ ਹੋਟਲ ਗਈ ਸੀ ਤੇ ਅੰਜਲੀ ਸ਼ਰਾਬ ਦੇ ਨਸ਼ੇ ਵਿੱਚ ਸੀ ਤੇ ਦੇਰ ਰਾਤ ਕਰੀਬ 1:45 ਵਜੇ ਉਹ ਦੋਨੋਂ ਹੋਟਲ ਤੋਂ ਨਿਕਲੀਆਂ । ਅੰਜਲੀ ਦੇ ਨਸ਼ੇ ਦੀ ਹਾਲਤ ਵਿੱਚ ਹੋਣ ਕਾਰਨ ਉਸ ਨੇ ਅੰਜਲੀ ਨੂੰ ਸਕੂਟਰੀ ਚਲਾਉਣ ਤੋਂ ਰੋਕਿਆ ਪਰ ਉਹ ਨਹੀਂ ਰੁਕੀ। ਬਾਅਦ ਵਿੱਚ ਉੱਥੋਂ ਕੁਝ ਦੂਰੀ ਤੁਰਨ ਤੋਂ ਬਾਅਦ ਇੱਕ ਕਾਰ ਨੇ ਸਕੂਟਰੀ ਨੂੰ ਟੱਕਰ ਮਾਰੀ,ਜਿਸ ਕਾਰਨ ਅੰਜਲੀ ਕਾਰ ਦੇ ਹੇਠਾਂ ਫਸ ਗਈ, ਜਦੋਂ ਕਿ ਉਹ ਖੁਦ ਸੜਕ ਦੇ ਦੂਜੇ ਪਾਸੇ ਡਿੱਗ ਪਈ। ਉਸ ਦੇ ਕੁੱਝ ਖਾਸ ਸੱਟ ਨਹੀਂ ਸੀ ਲੱਗੀ ,ਇਸ ਕਾਰਨ ਉਹ ਆਪਣੇ ਘਰ ਚਲੀ ਗਈ।

ਪੀੜਤਾ ਦੀ ਸਹੇਲੀ ਨੇ ਇਹ ਦਾਅਵੇ ਮੀਡੀਆ ਦੇ ਸਾਹਮਣੇ ਆ ਕੇ ਕੀਤੇ ਹਨ ਤੇ ਪੁਲਿਸ ਸਾਹਮਣੇ ਵੀ ਆਪਣੇ ਬਿਆਨ ਦਿੱਤੇ ਹਨ। ਉਸ ਦੇ ਇਹਨਾਂ ਦਾਅਵਿਆਂ ‘ਤੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸਵਾਲ ਚੁੱਕੇ ਹਨ ਤੇ ਕਿਹਾ ਹੈ ਕਿ ਆਪਣੀ ਸਹੇਲੀ ਨੂੰ ਮਰਦਿਆਂ ਦੇਖ ਕੇ ਜੋ ਕੁੜੀ ਘਰ ਜਾ ਕੇ ਆਰਾਮ ਨਾਲ ਸੋ ਸਕਦੀ ਹੈ ਤਾਂ ਉਸ ਦੇ ਇਹਨਾਂ ਦਾਅਵਿਆਂ ਤੇ ਕਿਵੇਂ ਯਕੀਨ ਕੀਤਾ ਜਾ ਸਕਦਾ ਹੈ ? ਇੱਕ ਟਵੀਟ ਵਿੱਚ ਮਾਲੀਵਾਲ ਨੇ ਇਹਨਾਂ ਬਿਆਨਾਂ ‘ਤੇ ਸ਼ੰਕੇ ਖੜੇ ਕੀਤੇ ਹਨ।

ਆਪਣੇ ਇੱਕ ਟਵੀਟ ਵਿੱਚ ਸਵਾਤੀ ਮਾਲੀਵਾਲ ਨੇ ਕਿਹਾ ਹੈ ਕਿ ਅੰਜਲੀ ਦੀ ਸਹੇਲੀ ਲਾਈਵ ਸ਼ੋਅ ‘ਚ ਬੈਠੀ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਲੜਕਿਆਂ ਨੇ ਅੰਜਲੀ ਨੂੰ ਉਸ ਦੇ ਸਾਹਮਣੇ ਗੱਡੀ ਥੱਲੇ ਦਿੱਤਾ ਅਤੇ ਇਹ ”ਦੋਸਤ” ਉਥੋਂ ਉੱਠ ਕੇ ਆਪਣੇ ਘਰ ਚਲੀ ਗਈ। ਇਹ ਕਿਹੋ ਜਿਹੀ ਦੋਸਤ ਸੀ? ਉਸਨੇ ਮੁੰਡਿਆਂ ਨੂੰ ਨਹੀਂ ਰੋਕਿਆ, ਪੁਲਿਸ ਨੂੰ ਜਾਂ ਅੰਜਲੀ ਦੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਦੱਸਿਆ। ਘਰ ਜਾ ਕੇ ਬੈਠ ਗਈ। ਇਹ ਵੀ ਜਾਂਚਣ ਦੀ ਲੋੜ ਹੈ।

ਇੱਕ ਹੋਰ ਟਵੀਟ ਵਿੱਚ ਉਹਨਾਂ ਕਿਹਾ ਹੈ ਕਿ ਜਦੋਂ ਪੁਲਿਸ ਨੇ ਅੰਜਲੀ ਦੀ “ਦੋਸਤ” ਨੂੰ ਫੜਿਆ ਤਾਂ ਉਹ ਟੀਵੀ ‘ਤੇ ਆ ਕੇ ਅੰਜਲੀ ਬਾਰੇ ਬਕਵਾਸ ਕਰ ਰਹੀ ਸੀ। ਜਿਹੜੀ ਕੁੜੀ ਆਪਣੀ ਦੋਸਤ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਮਰਦਾ ਹੋਇਆ ਸੜਕ ‘ਤੇ ਛੱਡ ਘਰ ਜਾ ਕੇ ਸੌਂ ਗਈ, ਉਸ ‘ਤੇ ਵਿਸ਼ਵਾਸ ਕਿਵੇਂ ਕੀਤਾ ਜਾ ਸਕਦਾ ਹੈ? ਅੰਜਲੀ ਦਾ “Character Assassination” ਸ਼ੁਰੂ ਹੋ ਗਿਆ ਹੈ, ਜਨਤਾ ਸਮਝਦਾਰ ਹੈ।

ਇਹਨਾਂ ਬਿਆਨਾਂ ‘ਤੇ ਪੀੜਤਾ ਦੇ ਪਰਿਵਾਰ ਨੇ ਵੀ ਆਪਣੀ ਗੱਲ ਰਖੀ ਹੈ ਤੇ ਕਿਹਾ ਹੈ ਕਿ ਉਹ ਕਿਸੇ ਵੀ ਨਿਧੀ ਨੂੰ ਨਹੀਂ ਜਾਣਦੇ।

ਜ਼ਿਕਰਯੋਗ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਦੇ ਦੌਰਾਨ ਬਾਹਰੀ ਦਿੱਲੀ ਦੇ ਕਾਂਝਵਾਲਾ ਖੇਤਰ ਵਿੱਚ ਇੱਕ 23 ਸਾਲਾ ਲੜਕੀ ਨੂੰ ਕਾਰ ਸਮੇਤ ਕਾਫੀ ਦੂਰ ਤੱਕ ਘਸੀਟਿਆ ਗਿਆ,ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੀੜਤਾ ਦੀ ਪੋਸਟਮਾਰਟਮ ਰਿਪੋਰਟ ਅਨੁਸਾਰ ਉਸ ਨੂੰ ਘੱਟੋ-ਘੱਟ 40 ਬਾਹਰੀ ਸੱਟਾਂ ਲੱਗੀਆਂ ਸਨ ਤੇ ਸੱਟਾਂ ਤੇ ਖੂਨ ਦੇ ਜਿਆਦਾ ਵਹਿ ਜਾਣ ਕਾਰਨ ਉਸ ਦੀ ਮੌਤ ਹੋਈ ਹੈ ਤੇ “ਸਦਮਾ ਅਤੇ ਹੈਮਰੇਜ” ਨੂੰ ਵੀ ਮੌਤ ਦਾ ਕਾਰਨ ਮੰਨਿਆ ਗਿਆ ਹੈ। ਸਾਰੀਆਂ ਸੱਟਾਂ ਸੰਭਾਵੀ ਤੌਰ ‘ਤੇ ਦੁਰਘਟਨਾ ਅਤੇ ਵਾਹਨ ਦੁਆਰਾ ਘਸੀਟਣ ਕਾਰਨ ਲਗੀਆਂ ਹਨ। ਹਾਲਾਂਕਿ, ਅੰਤਿਮ ਰਿਪੋਰਟ ਰਸਾਇਣਕ ਵਿਸ਼ਲੇਸ਼ਣ ਅਤੇ ਜੈਵਿਕ ਨਮੂਨਿਆਂ ਦੀ ਰਿਪੋਰਟ ਮਿਲਣ ਤੋਂ ਬਾਅਦ ਦਿੱਤੀ ਜਾਵੇਗੀ।