ਬਿਊਰੋ ਰਿਪੋਰਟ : ਵਿਦੇਸ਼ ਵਿੱਚ ਚੰਗਾ ਜੀਵਨ ਜੀਉਣ ਦੇ ਲਈ ਲੱਖਾਂ ਪੰਜਾਬੀ ਹਰ ਸਾਲ ਜਾਂਦੇ ਹਨ। ਕੈਨੇਡਾ,ਇੰਗਲੈਂਡ ਅਤੇ ਆਸਟ੍ਰੇਲੀਆ ਵਰਗੇ ਮੁਲਕਾਂ ਵਿੱਚ ਪੰਜਾਬੀਆਂ ਨੇ ਆਪਣੀ ਉਪਲਬਦੀਆਂ ਨਾਲ ਦੇਸ਼ ਦਾ ਨਾਂ ਵੀ ਰੋਸ਼ਨ ਕੀਤੀ ਹੈ। ਪਰ ਆਸਟ੍ਰੇਲੀਆ ਵਿੱਚ ਇੱਕ ਪੰਜਾਬੀ ਦੀ ਕਰਤੂਤ ਨੇ ਸ਼ਰਮਸਾਰ ਕਰ ਦਿੱਤਾ ਹੈ। ਉਸ ‘ਤੇ ਇੱਕ ਮਹਿਲਾ ਦਾ ਬੁਰੀ ਤਰ੍ਹਾਂ ਨਾਲ ਕਤਲ ਦੇ ਗੰਭੀਰ ਇਲਜ਼ਾਮ ਲੱਗੇ ਹਨ । ਦੱਸਿਆ ਜਾ ਰਿਹਾ ਹੈ ਕਿ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਰਾਜਵਿੰਦਰ ਸਿੰਘ (Rajwinder singh) ਭਾਰਤ ਆ ਗਿਆ ਸੀ । ਉਸ ਨੂੰ ਫੜਨ ਦੇ ਲਈ ਆਸਟੇਲੀਆ ਦੀ ਪੁਲਿਸ ਭਾਰਤ ਆਈ ਹੋਈ ਹੈ ਅਤੇ ਭਾਰਤੀ ਏਜੰਸੀ CBI ਉਨ੍ਹਾਂ ਦੀ ਮਦਦ ਕਰ ਰਹੀ ਹੈ। ਰਾਜਵਿੰਦਰ ਨੂੰ ਫੜਨ ਦੇ ਲਈ ਹੁਣ ਆਸਟ੍ਰੇਲੀਆ ਦੀ ਕੁਈਨਜ਼ਲੈਂਡ ਲੈਂਡ ਸਰਕਾਰ ਨੇ 10 ਲੱਖ ਆਸਟ੍ਰੇਲੀਅਨ ਡਾਲਰ (Australian dollar) ਦਾ ਇਨਾਮ ਰੱਖਿਆ ਹੈ,ਭਾਰਤੀ ਕਰੰਸੀ ਮੁਤਾਬਿਕ ਇਹ ਇਨਾਮ 5 ਕਰੋੜ ਬਣ ਦਾ ਹੈ । ਭਾਰਤ ਵਿੱਚ ਮੌਜੂਦ ਆਸਟ੍ਰੇਲੀਆ ਹਾਈ ਕਮਿਸਨਰ ਬੈਰੀ ਓ ਫਲੇਰ ਏਓ ਨੇ ਇਸ ਦੇ ਲਈ ਇੱਕ ਫੋਨ ਨੰਬਰ ਵੀ ਜਾਰੀ ਕੀਤਾ ਹੈ ਜਿਸ ਦੇ ਜ਼ਰੀਏ ਰਾਜਵਿੰਦਰ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ ।
ਇਸ ਮਹਿਲਾ ਦਾ ਕੀਤਾ ਕਤਲ
ਰਾਜਵਿੰਦਰ ‘ਤੇ ਇਲਜ਼ਾਮ ਹੈ ਕਿ ਕਿ ਉਸ ਨੇ ਆਸਟ੍ਰੇਲੀਆ ਦੀ ਇੱਕ ਮਹਿਲਾ ਟੋਇਆ ਕੋਰਡਿੰਗਲੇ (Toyah Cordingley) ਦੇ ਕਤਲ ਨੂੰ ਅੰਜਾਮ ਦਿੱਤਾ ਹੈ । ਰਿਪੋਰਟ ਮੁਤਾਬਿਕ 21 ਅਕਤੂਬਰ 2018 ਨੂੰ ਕੋਰਡਿੰਗਲੇ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਸੀ । ਪੁਲਿਸ ਜਾਂਚ ਕਰ ਹੀ ਰਹੀ ਸੀ ਕਿ ਅਗਲੇ ਦਿਨ ਸਵੇਰ ਕੁਈਨਜ਼ਲੈਂਡ ਦੇ ਵੈਂਗੇਟੀ ਬੀਚ ‘ਤੇ ਕੋਰਡਿੰਗਲੇ ਦੀ ਲਾਸ਼ ਮਿਲੀ । ਪੁਲਿਸ ਮੁਤਾਬਿਕ ਰਾਜਵਿੰਦਰ ਨੇ ਹੀ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਬਾਅਦ 23 ਅਕਤੂਬਰ 2018 ਨੂੰ ਰਾਜਵਿੰਦਰ ਆਪਣੀ ਪਤਨੀ ਅਤੇ 3 ਬੱਚਿਆਂ ਨੂੰ ਆਸਟ੍ਰੇਲੀਆ ਹੀ ਛੱਡ ਕੇ ਭਾਰਤ ਆ ਗਿਆ ਸੀ। ਉਸ ਦੇ ਭਰਾ ਨੇ ਪਹਿਲਾਂ ਮੰਨਿਆ ਸੀ ਕਿ ਰਾਜਵਿੰਦਰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਰਿਆ ਸੀ ਅਤੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਸੀ। ਉਸ ਤੋਂ ਬਾਅਦ ਨਜ਼ਰ ਨਹੀਂ ਆਇਆ । ਰਾਜਵਿੰਦਰ ਸਿੰਘ ਦਾ ਜਨਮ ਮੋਗਾ ਦੇ ਬੁੱਰ ਕਲਾਂ ਵਿੱਚ ਹੋਇਆ ਸੀ ।
ਪੁਲਿਸ ਵੱਲੋ ਨੰਬਰ ਜਾਰੀ
ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਤਿੰਨ ਜਾਸੂਸ CBI ਨਾਲ ਕੰਮ ਕਰ ਰਹੇ ਹਨ। ਆਸਟ੍ਰੇਲੀਅਨ ਹਾਈ ਕਮਿਸ਼ਨ ਦੇ ਦੱਸਿਆ ਕਿ ਕੁਈਨਜ਼ਲੈਂਡ ਸਰਕਾਰ ਵੱਲੋਂ ਐਲਾਨਿਆ ਗਿਆ ਇਨਾਮ ਰਾਜਵਿੰਦਰ ਨੂੰ ਲੱਭਣ ਅਤੇ ਫੜਨ ਲਈ ਭਾਰਤੀ ਅਧਿਕਾਰੀਆਂ ਦੀ ਮਦਦ ਕਰੇਗਾ। ਇਸ ਤੋਂ ਇਲਾਵਾ ਕੁਈਨਜ਼ਲੈਂਡ ਸਰਕਾਰ ਵੱਲੋਂ ਹਿੰਦੀ ਅਤੇ ਪੰਜਾਬੀ ਵਿੱਚ ਮਾਹਰ ਅਫਸਰਾਂ ਨੂੰ ਖਾਸ ਤੌਰ ‘ਤੇ ਕਤਲ ਨੂੰ ਸੁਲਝਾਉਣ ਲਈ ਨਿਯੁਕਤ ਕੀਤਾ ਗਿਆ ਹੈ । ਭਾਰਤ ਸਰਕਾਰ ਪਿਛਲੇ ਸਾਲ ਮਾਰਚ ਵਿੱਚ ਰਾਜਵਿੰਦਰ ਦੀ ਹਵਾਲਗੀ ਦੇ ਹੁਕਮ ਨੂੰ ਮਨਜ਼ੂਰੀ ਦੇ ਚੁੱਕੀ ਹੈ।
ਕੁਈਨਜ਼ਲੈਂਡ ਪੁਲਿਸ ਨੇ ਕਿਹਾ ਕਿ ਅਸੀਂ ਜਾਣ ਦੇ ਹਾਂ ਕਿ ਰਾਜਵਿੰਦਰ ਨੂੰ ਲੋਕ ਜਾਣ ਦੇ ਹਨ। ਅਸੀਂ ਉਨ੍ਹਾਂ ਨੂੰ ਅਪੀਲ ਕਰ ਰਹੇ ਹਾਂ ਕਿ ਸਹੀ ਕੰਮ ਦਾ ਸਾਥ ਦਿਓ। ਇਹ ਸ਼ਖ਼ਸ ਬਹੁਤ ਹੀ ਘਿਨਾਉਣੇ ਅਪਰਾਧ ਦਾ ਮੁਲਜ਼ਮ ਹੈ,ਜਿਸ ਨੇ ਇੱਕ ਪਰਿਵਾਰ ਨੂੰ ਹਮੇਸ਼ਾ ਦੇ ਲਈ ਤੋੜ ਕੇ ਰੱਖ ਦਿੱਤਾ ਹੈ । ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਰਾਜਵਿੰਦਰ ਦਾ ਪਤਾ ਦੱਸਣਗੇ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਿੱਚ ਪੁਲਿਸ ਦੀ ਮਦਦ ਕਰਨਗੇ। ਪੁਲਿਸ ਵੱਲੋਂ ਰਾਜਵਿੰਦਰ ਦੀ ਜਾਣਕਾਰੀ ਸਾਂਝੀ ਕਰਨ ਲਈ ਇੱਕ ਨੰਬਰ ਵੀ ਜਾਰੀ ਕੀਤਾ ਹੈ। ਭਾਰਤ ਵਿੱਚ ਜਾਣਕਾਰੀ ਦੇਣ ਵਾਲੇ ਲੋਕ ਆਸਟ੍ਰੇਲੀਅਨ ਹਾਈ ਕਮਿਸ਼ਨ ਵਿਖੇ ਆਸਟ੍ਰੇਲੀਆਈ ਸੰਘੀ ਪੁਲਿਸ ਨੂੰ +91 11 4122 0972 ‘ਤੇ ਕਾਲ ਕਰ ਸਕਦੇ ਹਨ ।