ਬਿਉਰੋ ਰਿਪੋਰਟ – ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ (Fly Amritsar Initiative) ਵੱਲੋਂ ਦਾਅਵਾ ਕਰਦਿਆਂ ਕਿਹਾ ਕਿ ਕਤਰ ਏਅਰਵੇਜ਼ ਵੱਲੋਂ ਟੋਰਾਂਟੋ ਤੋਂ ਦੋਹਾ ਵਾਸਤੇ 11 ਦਸੰਬਰ 2024 ਤੋਂ ਸਿੱਧੀ ਫਲਾਇਟ ਸ਼ੁਰੂ ਹੋ ਰਹੀ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਵਿੱਚ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਅਤੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕਤਰ ਏਅਰਵੇਜ਼ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਉਡਾਣ ਨਾਲ ਟੋਰਾਂਟੋ ਨੂੰ ਦੋਹਾ ਰਾਹੀਂ ਸਿੱਧਾ ਅੰਮ੍ਰਿਤਸਰ ਨਾਲ ਜੋੜਿਆ ਜਾਵੇਗਾ ਅਤੇ ਪੰਜਾਬੀਆਂ ਦਾ ਹਵਾਈ ਸਫਰ ਸੁਖਾਲਾ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਕਤਰ ਏਅਰਵੇਜ਼ ਦੀ ਉਡਾਨ ਸਵੇਰੇ 4:10 ਵਜੇ ਰਵਾਨਾ ਹੋ ਕੇ ਸਵੇਰੇ 6:05 ਵਜੇ ਦੋਹਾ ਪਹੁੰਚਦੀ ਹੈ ਅਤੇ ਦੋਹਾ ਪਹੁੰਚ ਕੇ 3 ਘੰਟੇ 45 ਮਿੰਟ ਬਾਅਦ ਯਾਤਰੀ ਹਫਤੇ ‘ਚ ਤਿੰਨ ਦਿਨ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਸਵੇਰੇ 9:50 ਵਜੇ ਦੋਹਾ ਤੋਂ ਉਡਾਣ ਲੈ ਕੇ ਉਸੇ ਦਿਨ ਦੁਪਹਿਰ ਨੂੰ 3:55 ਵਜੇ ਟੋਰਾਂਟੋ ਪੁੱਜਣਗੇ। ਟੋਰਾਂਟੋ ਤੋਂ ਇਹ ਉਡਾਣ ਉਸੇ ਦਿਨ ਸ਼ਾਮ ਨੂੰ 8:00 ਵਜੇ ਰਵਾਨਾ ਹੋ ਕੇ ਅਗਲੇ ਦਿਨ ਸ਼ਾਮ ਨੂੰ 4:30 ਵਜੇ ਦੋਹਾ ਪਹੰਚੇਗੀ। ਇਸ ਉਪਰੰਤ ਯਾਤਰੀ ਰਾਤ ਦੇ 8:40 ਵਜੇ ਉਡਾਣ ਲੈ ਕੇ ਅਗਲੇ ਦਿਨ ਦੀ ਸਵੇਰ ਨੂੰ 2:40 ਵਜੇ ਅੰਮ੍ਰਿਤਸਰ ਪਹੰਚ ਜਾਣਗੇ। ਇੰਜ ਅੰਮ੍ਰਿਤਸਰ ਟੋਰਾਂਟੋ ਵਿਚਕਾਰ ਹਵਾਈ ਯਾਤਰਾ ਸਿਰਫ 20 ਘੰਟਿਆ ‘ਚ ਪੂਰੀ ਹੋ ਜਾਏਗੀ ਅਤੇ ਇਸ ਦੇ ਨਾਲ ਹੀ ਸਮਾਨ ਜਮਾ ਕਰਾਉਣਾ ਤੇ ਲੈਣਾ ਅਤੇ ਇਮੀਗਰੇਸ਼ਨ ਸਿਰਫ ਅੰਮ੍ਰਿਤਸਰ ਅਤੇ ਟੋਰਾਂਟੋ ‘ਚ ਹੀ ਹੋਵੇਗੀ।
ਪੰਜਾਬੀਆਂ ਲਈ ਇਸ ਵੇਲੇ ਦਿੱਲੀ ਦੀ ਖੱਜਲ-ਖੁਆਰੀ ਤੋਂ ਬਚਣ ਲਈ ਇੱਕੋ-ਇੱਕ ਵਿਕਲਪ ਅੰਮ੍ਰਿਤਸਰ ਤੋਂ ਮਿਲਾਨ ਰਾਹੀਂ ਇਟਲੀ ਦੀ ਨਿਓਸ ਏਅਰ ਦੀ ਟੋਰਾਂਟੋ ਲਈ ਉਡਾਣ ਹੈ। ਗੁਮਟਾਲਾ ਨੇ ਇਸ ਸੰਬੰਧੀ ਦੱਸਿਆ ਕਿ ਨਿਓਸ ਏਅਰ ਨੇ ਵੀ ਸਰਦੀਆਂ ਦੀਆਂ ਛੁੱਟੀਆਂ ਨੂੰ ਧਿਆਨ ‘ਚ ਰੱਖਦੇ ਹੋਏ ਦਸੰਬਰ ਮਹੀਨੇ ਵਾਸਤੇ ਟੋਰਾਂਟੋ ਲਈ ਆਪਣੀਆਂ ਉਡਾਣਾਂ ਦੀ ਗਿਣਤੀ ਨੂੰ ਹਫਤੇ ‘ਚ ਦੋ ਤੋਂ ਵਧਾ ਕੇ ਚਾਰ ਕਰ ਦਿੱਤੀਆਂ ਹਨ। ਹੁਣ ਟੋਰਾਂਟੋ ਤੋਂ ਕਤਰ ਏਅਰਵੇਜ਼ ਦੀ ਉਡਾਣ ਸ਼ੁਰੂ ਹੋਣ ਨਾਲ ਪੰਜਾਬੀਆਂ ਲਈ ਟੋਰਾਂਟੋ ਵਾਸਤੇ ਇੱਕ ਹੋਰ ਵਿਕਲਪ ਜੁੜ ਗਿਆ ਹੈ
ਢਿੱਲੋਂ ਅਤੇ ਗੁਮਟਾਲਾ ਨੇ ਸਾਂਝੇ ਤੌਰ ‘ਤੇ ਪੰਜਾਬ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਲਈ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀ ਵਚਨਬੱਧਤਾ ਨੂੰ ਦੁਹਰਾਂਦਿਆਂ ਕਿਹਾ, “ਸਾਡੀਆਂ ਕੋਸ਼ਿਸ਼ਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਅਸੀਂ ਅੰਮ੍ਰਿਤਸਰ ਤੋਂ ਵਧੇਰੇ ਸਿੱਧੀਆਂ ਉਡਾਣਾਂ ਲਈ ਏਅਰ ਇੰਡੀਆ ਸਣੇ ਹੋਰਨਾਂ ਏਅਰਲਾਈਨ ਕੰਪਨੀਆਂ ਤੱਕ ਪਹੁੰਚ ਕਰ ਉਹਨਾਂ ਨੂੰ ਅੰਕੜੇ ਅਤੇ ਹੋਰ ਜਾਣਕਾਰੀ ਦੇ ਕੇ ਉਡਾਣਾਂ ਦੀ ਮੰਗ ਕਰਦੇ ਰਹਿੰਦੇ ਹਾਂ। ਨਾਲ ਹੀ ਅਸੀਂ ਪੰਜਾਬੀ ਭਾਈਚਾਰੇ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਹਮੇਸ਼ਾ ਅੰਮ੍ਰਿਤਸਰ ਤੋਂ ਹੀ ਉਡਾਣਾਂ ਲੈਣ ਨੂੰ ਤਰਜੀਹ ਦੇਣ ਜਿਸ ਨਾਲ ਅਸੀਂ ਏਅਰਲਾਈਨ ਕੰਪਨੀਆਂ ਤੱਕ ਉਡਾਣਾਂ ਸ਼ੁਰੂ ਕਰਾਉਣ ਲਈ ਮਜਬੂਤ ਅੰਕੜੇ ਸਾਂਝੇ ਕਰਕੇ ਵਕਾਲਤ ਕਰ ਸਕੀਏ।
ਇਹ ਵੀ ਪੜ੍ਹੋ – ‘ਚਡੂਨੀ ਦੇ ਬਿਆਨ ਤੋਂ ਸਾਫ ਕਿਸਾਨ ਅੰਦੋਲਨ ਪਿੱਛੇ ਕਾਂਗਰਸ ਸੀ’! ‘ਸ਼ਰਮ ਆਉਣੀ ਚਾਹੀਦੀ ਹੈ’!