ਹੋਇ ਸਿਖ ਸਿਰ ਟੋਪੀ ਧਰੈ।।
ਸਾਤ ਜਨਮ ਕੁਸ਼ਟੀ ਹੁਇ ਮਰੈ।।
ਭਾਈ ਚੌਪਾ ਸਿੰਘ ਜੀ ਵੱਲੋਂ ਲਿਖੇ ਗਏ ਰਹਿਤਨਾਮੇ ਦੀਆਂ ਇਨ੍ਹਾਂ ਪੰਕਤੀਆਂ ਦਾ ਜ਼ਿਕਰ ਕਰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਵੱਲੋਂ ਸਿੱਖ ਫੌਜੀਆਂ ਨੂੰ ਦਸਤਾਰ ਦੀ ਬਜਾਏ ਜਬਰਨ ਹੈਲਮੇਟ ਲਾਗੂ ਕਰਨ ਉੱਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਦਸਤਾਰ ਸਿੱਖ ਦੇ ਸਿਰ ‘ਤੇ ਬੰਨਿਆ ਕੋਈ ਪੰਜ ਜਾਂ ਸੱਤ ਮੀਟਰ ਦਾ ਕੱਪੜਾ ਨਹੀਂ ਹੈ, ਇਹ ਗੁਰੂ ਸਾਹਿਬ ਜੀ ਦਾ ਬਖਸ਼ਿਆ ਹੋਇਆ ਇੱਕ ਤਾਜ ਹੈ ਅਤੇ ਸਾਡੀ ਪਹਿਚਾਣ ਦਾ ਪ੍ਰਤੀਕ ਹੈ ਅਤੇ ਸਾਡੀ ਪਹਿਚਾਣ ਦੇ ਪ੍ਰਤੀਕ ਦਸਤਾਰ ਉੱਤੇ ਕਿਸੇ ਕਿਸਮ ਦਾ ਟੋਪ ਪਾਉਣਾ ਸਾਡੀ ਪਹਿਚਾਣ ਨੂੰ ਖ਼ਤਮ ਕਰਨ ਦੇ ਯਤਨ ਵਜੋਂ ਹੀ ਵੇਖਿਆ ਜਾਵੇਗਾ। ਪੰਥ ਵੀ ਇਸਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕਰੇਗਾ।
ਸਿੱਖ ਪੰਥ ਵਿੱਚ ਟੋਪੀ ਪਾਉਣਾ ਬਿਲਕੁਲ ਵਰਜਿਤ ਹੈ ਭਾਵੇਂ ਉਹ ਲੋਹੇ ਦੀ ਹੋਵੇ ਜਾਂ ਫਿਰ ਕੱਪੜੇ ਦੀ। ਜਥੇਦਾਰ ਨੇ ਦੂਜੇ ਵਿਸ਼ਵ ਯੁੱਧ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਡਾ ਰੱਖਿਅਕ ਅਕਾਲ ਪੁਰਖ ਹੈ। ਵਿਸ਼ਵ ਯੁੱਧ ਸਮੇਤ ਹੋਰ ਕਈ ਵੱਡੀਆਂ ਜੰਗਾਂ ਵਿੱਚ ਸਿੱਖਾਂ ਨੇ ਦਸਤਾਰ ਬੰਨ ਕੇ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ।
ਜਥੇਦਾਰ ਨੇ Helmet.com ਨਾਂ ਦੀ ਇੱਕ ਵੈੱਬਸਾਈਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਵੈੱਬਸਾਈਟ ਸਿੱਖਾਂ ਵਿੱਚ ਹੈਲਮੇਟ ਨੂੰ ਪ੍ਰਮੋਟ ਕਰਨ ਦਾ ਯਤਨ ਕਰ ਰਹੀ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਭਾਰਤ ਸਰਕਾਰ ਅਤੇ ਭਾਰਤੀ ਫ਼ੌਜ ਦੇ ਅਫ਼ਸਰਾਂ ਨੂੰ ਇਸ ਮਸਲੇ ਉੱਤੇ ਮੁੜ ਤੋਂ ਗੌਰ ਕਰਨ ਲਈ ਕਿਹਾ ਹੈ।
ਦਰਅਸਲ, ਭਾਰਤੀ ਫੌਜ ਫਾਸਟ ਟਰੈਕ ਪ੍ਰਕਿਰਿਆ ਰਾਹੀਂ ਐਮਰਜੈਂਸੀ ਖਰੀਦ ਦੇ ਤਹਿਤ ਸਿੱਖ ਫ਼ੌਜੀਆਂ ਲਈ ਵੱਖਰੇ ਤੌਰ ‘ਤੇ 12 ਹਜ਼ਾਰ 730 ਬੈਲਿਸਟਿਕ ਹੈਲਮੇਟ ਖਰੀਦ ਰਹੀ ਹੈ। ਸਿੱਖ ਫ਼ੌਜੀਆਂ ਲਈ ਬੈਲਿਸਟਿਕ ਹੈਲਮੇਟ ਦੋ ਆਕਾਰਾਂ ਵਿੱਚ ਖਰੀਦੇ ਜਾਣਗੇ, ਜਿਨ੍ਹਾਂ ਵਿੱਚੋਂ 8 ਹਜ਼ਾਰ 911 ਵੱਡੇ ਅਤੇ 3 ਹਜ਼ਾਰ 819 ਵਾਧੂ ਵੱਡੇ ਹੋਣਗੇ।
ਸਮਾਰਟ ਡਿਜ਼ਾਈਨ ਅਤੇ ਟੈਕਨਾਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ, ਵਿਸ਼ੇਸ਼ ਬੈਲਿਸਟਿਕ ਹੈਲਮੇਟ ਸਿੱਖ ਫ਼ੌਜੀਆਂ ਲਈ ਡਿਜ਼ਾਇਨ ਕੀਤਾ ਗਿਆ ਹੈ। ਖਾਸ ਤੌਰ ‘ਤੇ ਆਕਾਰ ਹੋਣ ਕਾਰਨ ਸਿੱਖ ਸਿਪਾਹੀ ਇਸ ਨੂੰ ਦਸਤਾਰ ਦੇ ਉੱਪਰ ਪਹਿਨਣ ਦੇ ਯੋਗ ਹੋਣਗੇ। ਹੈਲਮੇਟ ਸ਼ੈੱਲ ਵਿੱਚ ਆਲ ਰਾਊਂਡ ਬੈਲਿਸਟਿਕ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਹ ਹੈਲਮੇਟ ਵਾਧੂ ਸਮੱਗਰੀ ਦੇ ਬਾਵਜੂਦ ਲੰਬੇ ਸਮੇਂ ਦੀ ਵਰਤੋਂ ਲਈ ਭਾਰ ਵਿੱਚ ਕਾਫ਼ੀ ਹਲਕਾ ਹੈ।
ਪਿਛਲੇ ਸਾਲ 22 ਦਸੰਬਰ ਨੂੰ ਸਰਕਾਰ ਨੇ ਭਾਰਤੀ ਫੌਜ ਦੇ ਪੈਰਾਟ੍ਰੋਪਰਾਂ ਅਤੇ ਵਿਸ਼ੇਸ਼ ਬਲਾਂ ਲਈ ਖਰੀਦੇ ਗਏ ਹਵਾਈ ਹੈਲਮੇਟਾਂ ਵਿੱਚ ਨੁਕਸ ਪਾਏ ਜਾਣ ਤੋਂ ਬਾਅਦ 80,000 ਬੈਲਿਸਟਿਕ ਹੈਲਮੇਟ ਖਰੀਦਣ ਦੀ ਮਨਜ਼ੂਰੀ ਦਿੱਤੀ ਸੀ। ਹੈਲਮੇਟ ਤਿੰਨ ਅਕਾਰ ਵਿੱਚ ਆਉਂਦੇ ਹਨ, ਜੋ 5 ਮੀਟਰ ਜਾਂ ਇਸ ਤੋਂ ਵੱਧ ਦੀ ਦੂਰੀ ਤੋਂ ਚਲਾਈਆਂ ਗੋਲੀਆਂ ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ। ਇਨ੍ਹਾਂ ਬੈਲਿਸਟਿਕ ਹੈਲਮੇਟਾਂ ਦੀ ਤਕਨੀਕੀ ਉਮਰ ਅੱਠ ਸਾਲ ਹੋਣ ਦੀ ਉਮੀਦ ਹੈ।
ਪਿਛਲੇ ਦਿਨੀਂ ਕੈਨੇਡਾ ਦੀ ਇੱਕ ਸਿੱਖ ਔਰਤ ਨੇ ਆਪਣੇ ਦਸਤਾਰਧਾਰੀ ਬੱਚਿਆਂ ਦੇ ਲਈ ਇੱਕ ਵਿਸ਼ੇਸ਼ ਕਿਸਮ ਦਾ ਹੈਲਮੇਟ ਤਿਆਰ ਕਰਵਾਇਆ ਸੀ ਜੋ ਦਸਤਾਰ ਦੇ ਉੱਪਰੋਂ ਦੀ ਪਾਇਆ ਜਾ ਸਕਦਾ ਹੈ। ਇਸ ਹੈਲਮੇਟ ਦੀ ਸੋਸ਼ਲ ਮੀਡੀਆ ਉੱਤੇ ਕਈ ਲੋਕਾਂ ਵੱਲੋਂ ਜਿੱਥੇ ਤਾਰੀਫ਼ ਕੀਤੀ ਗਈ, ਉੱਥੇ ਹੀ ਕਈਆਂ ਨੇ ਇਸਨੂੰ ਮੰਦਭਾਗਾ ਕਰਾਰ ਦਿੱਤਾ।
ਅਸਟ੍ਰੇਲੀਅਨ ਸਿੱਖ ਯੂਥ ਨੇ ਵੀ
ਹੋਇ ਸਿਖ ਸਿਰ ਟੋਪੀ ਧਰੈ।।
ਸਾਤ ਜਨਮ ਕੁਸ਼ਟੀ ਹੁਇ ਮਰੈ।।
ਦੀਆਂ ਪੰਕਤੀਆਂ ਦਾ ਜ਼ਿਕਰ ਕਰਦਿਆਂ ਇਸ ਹੈਲਮੇਟ ਦੀ ਨਿੰਦਾ ਕੀਤੀ। ਉਨ੍ਹਾਂ ਨੇ ਸਿੱਖ ਹੈਲਮੇਟ ਨੂੰ ਪ੍ਰਮੋਟ ਕਰਨ ਵਾਲਿਆਂ ਦੀ ਵੀ ਸਖ਼ਤ ਆਲੋਚਨਾ ਕੀਤੀ।