‘ਦ ਖ਼ਾਲਸ ਬਿਊਰੋ : ਯੂਕਰੇਨ ‘ਤੇ ਹਮ ਲੇ ਤੋਂ ਬਾਅਦ ਅਲੱਗ-ਥਲੱਗ ਹੁੰਦਾ ਜਾ ਰਿਹਾ ਰੂਸ ਹੁਣ ਆਪਣੇ ਊਰਜਾ ਵਪਾਰ ਨੂੰ ਜਾਰੀ ਰੱਖਣ ਲਈ ਨਵੇਂ ਸਹਿਯੋਗੀਆਂ ਦੀ ਤਲਾਸ਼ ਕਰ ਰਿਹਾ ਹੈ ਅਤੇ ਪੁਰਾਣੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸੰਬੰਧੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਫੋਨ ‘ਤੇ ਗੱਲ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਪੱਛਮੀ ਦੇਸ਼ਾਂ ਵੱਲੋਂ ਰੂਸ ਦੀ ਅਰਥਵਿਵਸਥਾ ‘ਤੇ ਸਖਤ ਪਾਬੰਦੀਆਂ ਲਗਾਉਣ ਤੋਂ ਬਾਅਦ ਰੂਸ ਵੱਲੋਂ ਇਸ ਮਹੱਤਵਪੂਰਨ ਭਾਈਵਾਲੀ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਤਾਂ ਜੋ ਇਥੋਂ ਸਹਿਯੋਗ ਪ੍ਰਾਪਤ ਕੀਤਾ ਜਾ ਸਕੇ।
ਯੂਕਰੇਨ ‘ਤੇ ਹਮਲਾ ਕਰਨ ਨੇ ਰੂਸ ਨੂੰ ਦਹਾਕਿਆਂ ਵਿਚ ਸਭ ਤੋਂ ਆਰਥਿਕ ਤੌਰ ‘ਤੇ ਅਲੱਗ-ਥਲੱਗ ਕਰ ਦਿੱਤਾ ਹੈ। ਪੁਤਿਨ ਦੇ ਫੈਸਲੇ ਤੋਂ ਬਾਅਦ, ਬਹੁਤ ਸਾਰੇ ਰੂਸੀ ਬੈਂਕਾਂ ਨੂੰ ਗਲੋਬਲ ਵਿੱਤ ਪ੍ਰਣਾਲੀ ਤੋਂ ਕੱਟ ਦਿੱਤਾ ਗਿਆ ਹੈ ਅਤੇ ਵਪਾਰੀ ਉਸ ਦੇ ਤੇਲ ਟੈਂਕਰਾਂ ਦੀ ਦੇਖਭਾਲ ਕਰਨ ਤੋਂ ਇਨਕਾਰ ਕਰ ਰਹੇ ਹਨ।
ਉਪੇਕ ਦੀ ਗੱਲ ਕੀਤੀ ਜਾਵੇ ਤਾਂ ਇਹ ਪੈਟਰੋਲੀਅਮ ਨਿਰਯਾਤ ਕਰਨ ਵਾਲੇ 13 ਦੇਸ਼ਾਂ ਦੀ ਇੱਕ ਅੰਤਰ-ਸਰਕਾਰੀ ਸੰਸਥਾ ਹੈ ਜਿਸ ਦੀ ਸਥਾਪਨਾ ਬਗਦਾਦ ਵਿੱਚ 14 ਸਤੰਬਰ 1960 ਨੂੰ ਕੀਤੀ ਗਈ ਸੀ ।ਸਾਊਦੀ ਅਰਬ ਅਤੇ ਰੂਸ ਇਹਨਾਂ ਦੇਸ਼ਾਂ ਦੀ ਅਗਵਾਈ ਕਰਦੇ ਆ ਰਹੇ ਹਨ। ਜੇਕਰ ਸਾਊਦੀ ਤੇਲ ਦੀਆਂ ਕੀਮਤਾਂ ਘਟਾਉਂਦਾ ਹੈ ਤਾਂ ਰੂਸ ਅਤੇ ਸਾਊਦੀ ਅਰਬ ਵਿਚਾਲੇ ਤਣਾਅ ਵਧ ਸਕਦਾ ਹੈ।ਇਸ ਵਿਸ਼ੇ ਨੂੰ ਲੈ ਕੇ ਰੂਸ ਹੁਣ ਸਾਊਦੀ ਅਰਬ ਨਾਲ ਰਾਬਤਾ ਕਾਇਮ ਕਰਨ ਦੀਆਂ ਕੌਸ਼ਿਸ਼ਾਂ ਵਿੱਚ ਹੈ।
