India International

4 ਦਸੰਬਰ ਨੂੰ ਭਾਰਤ ਆ ਰਹੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਵੱਡੇ ਮੁੱਦਿਆਂ ’ਤੇ ਹੋਵੇਗੀ ਗੱਲਬਾਤ

ਬਿਊਰੋ ਰਿਪੋਰਟ (28 ਨਵੰਬਰ 2025): ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 4 ਦਸੰਬਰ ਨੂੰ ਦੋ ਦਿਨਾਂ ਦੇ ਭਾਰਤ ਦੌਰੇ ’ਤੇ ਆਉਣਗੇ। 2022 ਵਿੱਚ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੈ।

ਪੁਤਿਨ 23ਵੀਂ ਭਾਰਤ-ਰੂਸ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਇਹ ਭਾਰਤ ਅਤੇ ਰੂਸ ਵਿਚਕਾਰ ਹੋਣ ਵਾਲੀ ਸਾਲਾਨਾ ਮੀਟਿੰਗ ਦਾ ਹਿੱਸਾ ਹੈ। ਹਰ ਸਾਲ ਦੋਵੇਂ ਦੇਸ਼ ਵਾਰੀ-ਵਾਰੀ ਇਸ ਮੀਟਿੰਗ ਦੀ ਮੇਜ਼ਬਾਨੀ ਕਰਦੇ ਹਨ। ਇਸ ਵਾਰ ਭਾਰਤ ਦੀ ਵਾਰੀ ਹੈ।

ਸਿਖਰ ਸੰਮੇਲਨ ਦੌਰਾਨ ਪੁਤਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਦੋਵੇਂ ਆਗੂ ਕੱਚੇ ਤੇਲ ਦੇ ਸੌਦੇ ਦੇ ਨਾਲ-ਨਾਲ S-400 ਮਿਜ਼ਾਈਲ ਸਿਸਟਮ ਦੀ ਖਰੀਦ ਅਤੇ ਮੁਕਤ ਵਪਾਰ ਸਮਝੌਤੇ (FTA) ’ਤੇ ਗੱਲਬਾਤ ਕਰ ਸਕਦੇ ਹਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪੁਤਿਨ ਦੇ ਸਨਮਾਨ ਵਿੱਚ ਸਟੇਟ ਡਿਨਰ ਦੇਣਗੇ।

ਰੂਸੀ ਤੇਲ ਖ਼ਰੀਦਣ ਕਾਰਨ ਅਮਰੀਕਾ ਨੇ ਭਾਰਤ ਦੇ ਨਿਰਯਾਤ (export) ’ਤੇ 25% ਵਾਧੂ ਟੈਰਿਫ ਲਗਾਇਆ ਹੋਇਆ ਹੈ, ਜਿਸ ਨਾਲ ਭਾਰਤ 50% ਟੈਰਿਫ ਝੱਲ ਰਿਹਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਸ ਨਾਲ ਰੂਸ ਨੂੰ ਯੂਕਰੇਨ ਯੁੱਧ ਜਾਰੀ ਰੱਖਣ ਵਿੱਚ ਮਦਦ ਮਿਲ ਰਹੀ ਹੈ।

ਰੱਖਿਆ ਸਮਝੌਤੇ ’ਤੇ ਸਭ ਤੋਂ ਵੱਧ ਰਹੇਗਾ ਧਿਆਨ 

ਪੁਤਿਨ ਦੀ ਇਸ ਯਾਤਰਾ ਵਿੱਚ ਸਭ ਤੋਂ ਵੱਧ ਧਿਆਨ ਰੱਖਿਆ ਸਮਝੌਤੇ ’ਤੇ ਰਹੇਗਾ। ਰੂਸ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਹ ਭਾਰਤ ਨੂੰ ਆਪਣਾ SU-57 ਸਟੈਲਥ ਫਾਈਟਰ ਜੈੱਟ ਦੇਣ ਲਈ ਤਿਆਰ ਹੈ।

ਇਹ ਰੂਸ ਦਾ ਸਭ ਤੋਂ ਉੱਨਤ ਲੜਾਕੂ ਜਹਾਜ਼ ਹੈ। ਭਾਰਤ ਪਹਿਲਾਂ ਹੀ ਆਪਣੇ ਹਵਾਈ ਸੈਨਾ ਦੇ ਬੇੜੇ ਨੂੰ ਮਜ਼ਬੂਤ ਕਰਨ ਲਈ ਨਵੇਂ ਵਿਕਲਪ ਲੱਭ ਰਿਹਾ ਹੈ।

ਇਸ ਤੋਂ ਇਲਾਵਾ, ਭਵਿੱਖ ਵਿੱਚ S-500 ’ਤੇ ਸਹਿਯੋਗ, ਬ੍ਰਹਮੋਸ ਮਿਜ਼ਾਈਲ ਦਾ ਅਗਲਾ ਵਰਜ਼ਨ ਅਤੇ ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਲਈ ਮਿਲ ਕੇ ਵਾਰਸ਼ਿਪ (Warship) ਬਣਾਉਣ ਵਰਗੀਆਂ ਯੋਜਨਾਵਾਂ ’ਤੇ ਗੱਲਬਾਤ ਹੋਣ ਦੀ ਉਮੀਦ ਹੈ।