ਚੰਡੀਗੜ੍ਹ : ਪੰਜਾਬ ਵਿੱਚ ਮਾਰਕੀਟ ਕਮੇਟੀ ਲਈ 107 ਕਰੋੜ ਰੁਪਏ ਦੀ ਤਰਪਾਲ ਦੀ ਖਰੀਦ ਵਿਵਾਦਾਂ ਵਿੱਚ ਘਿਰ ਗਈ ਹੈ। ਜਿਵੇਂ ਹੀ ਪਤਾ ਲੱਗਾ ਕਿ ਤਰਪਾਲ ਮਹਿੰਗੇ ਰੇਟ ’ਤੇ ਖਰੀਦੀ ਗਈ ਹੈ ਤਾਂ ਇਸ ਦੇ ਟੈਂਡਰ ਰੋਕ ਦਿੱਤੇ ਗਏ। ਇਸ ਸਬੰਧੀ ਸੀਐੱਮ ਭਗਵੰਤ ਮਾਨ ਨੂੰ ਸ਼ਿਕਾਇਤ ਮਿਲੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਜਾਂਚ ਦੇ ਹੁਕਮ ਦਿੱਤੇ ਹਨ। ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਇਸ ਦੀ ਜਾਂਚ ਕਰਨਗੇ। ਜੇਕਰ ਜਾਂਚ ਵਿੱਚ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਇਹ ਟੈਂਡਰ ਰੱਦ ਕੀਤਾ ਜਾ ਸਕਦਾ ਹੈ।
ਸੂਤਰਾਂ ਮੁਤਾਬਕ ਸਰਕਾਰ ਕੋਲ ਸ਼ਿਕਾਇਤ ਪਹੁੰਚੀ ਸੀ। ਜਿਸ ਵਿੱਚ ਕਿਹਾ ਗਿਆ ਕਿ ਮਾਰਕੀਟ ਕਮੇਟੀ ਵੱਲੋਂ ਖਰੀਦੀਆਂ ਗਈਆਂ ਤਰਪਾਲਾਂ ਮਹਿੰਗੀਆਂ ਵਸੂਲੀਆਂ ਜਾ ਰਹੀਆਂ ਹਨ। ਤਰਪਾਲ ਦਾ ਰੇਟ ਲਗਭਗ ਦੁੱਗਣਾ ਹੈ। ਜਿਸ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਸੀ ਐੱਮ ਨੇ ਜਾਂਚ ਕਰਨ ਲਈ ਕਿਹਾ ਹੈ ਕਿ ਤਰਪਾਲਾਂ ਦੇ ਰੇਟ ਅਚਾਨਕ ਕਿਵੇਂ ਵਧ ਗਏ। ਇਸ ਨੂੰ ਪਹਿਲਾਂ ਕਿਸ ਰੇਟ ‘ਤੇ ਵੇਚਿਆ ਜਾ ਰਿਹਾ ਸੀ ਅਤੇ ਸਰਕਾਰ ਨੂੰ ਕਿਸ ਰੇਟ ‘ਤੇ ਵੇਚਿਆ ਜਾ ਰਿਹਾ ਹੈ? ਇਸ ਸਬੰਧੀ ਰਿਪੋਰਟ ਮੰਗੀ ਗਈ ਹੈ। ਸੀ ਐੱਮ ਭਗਵੰਤ ਮਾਨ ਨੇ ਅਚਾਨਕ ਵਾਧੇ ਦਾ ਕਾਰਨ ਜਾਣਨਾ ਚਾਹਿਆ। ਜੇਕਰ ਇਸ ਵਿੱਚ ਕੋਈ ਬੇਨਿਯਮੀ ਪਾਈ ਜਾਂਦੀ ਹੈ ਤਾਂ ਕਈ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ।
ਮਾਰਕੀਟ ਕਮੇਟੀ ਪੰਜਾਬ ਦੀਆਂ ਮੰਡੀਆਂ ਦੀ ਦੇਖ-ਰੇਖ ਕਰਦੀ ਹੈ। ਇੱਥੇ ਵਿਕਣ ਲਈ ਆਉਣ ਵਾਲੀ ਫ਼ਸਲ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਮਾਰਕੀਟ ਕਮੇਟੀ ਦੀ ਹੈ। ਖ਼ਾਸ ਤੌਰ ‘ਤੇ ਬਰਸਾਤ ਦੇ ਮੌਸਮ ਦੌਰਾਨ ਫ਼ਸਲ ਨੂੰ ਗਿੱਲੇ ਹੋਣ ਤੋਂ ਬਚਾਉਣ ਲਈ ਤਰਪਾਲ ਦਿੱਤੀ ਜਾਂਦੀ ਹੈ। ਇਸ ਕੰਮ ਲਈ ਇਹ ਤਰਪਾਲ ਖਰੀਦੀ ਜਾ ਰਹੀ ਸੀ, ਜਿਸ ਦੀ ਸ਼ਿਕਾਇਤ ਤੋਂ ਬਾਅਦ ਇਸ ਵਿੱਚ ਬੇਨਿਯਮੀਆਂ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।