Punjab

ਪਪਲਪ੍ਰੀਤ ਸਿੰਘ ਦੀ ਪੰਜਾਬ ਤੋਂ ਹੋਈ ਗ੍ਰਿਫਤਾਰੀ ! ਇਸ ਹਾਲਤ ਵਿੱਚ ਮਿਲਿਆ ਪਪਲਪ੍ਰੀਤ

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, IGP ਸੁਖਚੈਨ ਸਿੰਘ ਗਿੱਲ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ । ਅੰਮ੍ਰਿਤਸਰ ਰੂਲਰ ਪੁਲਿਸ ਨੇ ਕੱਥੂਨੰਗਲ ਤੋਂ ਪਪਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ।ਪਪਲਪ੍ਰੀਤ ਦੇ ਖਿਲਾਫ਼ NSA ਲਗਾਇਆ ਗਿਆ ਹੈ, 6 ਹੋਰ ਕੇਸਾਂ ਵਿੱਚ ਪਪਲਪ੍ਰੀਤ ਲੋੜੀਂਦਾ ਸੀ । ਆਈਜੀ ਸੁਖਚੈਨ ਸਿੰਘ ਨੇ ਕਿਹਾ ਇਸ ਨਾਲ ਜੁੜੀਆਂ ਹੋਰ ਜਾਣਕਾਰੀਆਂ ਸਮੇਂ-ਸਮੇਂ ਤੇ ਸਾਂਝੀਆਂ ਕੀਤੀਆਂ ਜਾਣਗੀਆਂ । NSA ਲੱਗਣ ਤੋਂ ਬਾਅਦ ਪੁਲਿਸ ਪਪਲਪ੍ਰੀਤ ਨੂੰ ਵੀ ਅਸਾਮ ਭੇਜ ਸਕਦੀ ਹੈ । ਪੁਲਿਸ ਪਪਲਪ੍ਰੀਤ ਕੋਲੋ ਹੁਣ ਅੰਮ੍ਰਿਤਪਾਲ ਸਿੰਘ ਬਾਰੇ ਜਾਣਕਾਰੀ ਹਾਸਲ ਕਰੇਗੀ ਕਿਉਂਕਿ ਸਭ ਤੋਂ ਲੰਮਾ ਸਮਾਂ ਉਹ ਹੀ ਅੰਮ੍ਰਿਤਪਾਲ ਸਿੰਘ ਦੇ ਨਾਲ ਰਿਹਾ ਹੈ । ਕੁਝ ਦਿਨ ਪਹਿਲਾ ਪਪਲਪ੍ਰੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਹੁਸ਼ਿਆਰਪੁਰ ਇਕੱਠੇ ਆਏ ਸਨ ਪਰ ਪੁਲਿਸ ਦੀ ਰੇਡ ਤੋਂ ਬਾਅਦ ਦੋਵੇ ਵੱਖ-ਵੱਖ ਹੋ ਗਏ ਸਨ । ਦੱਸਿਆ ਜਾ ਰਿਹਾ ਸੀ ਕਿ ਦੋਵੇ ਯੂਪੀ ਦੇ ਪੀਲੀਭੀਤ ਦੇ ਮੋਹਨਪੁਰ ਗੁਰਦੁਆਰਾ ਸਾਹਿਬ ਵਿੱਚ ਲੁਕੇ ਸਨ । ਇਸੇ ਗੁਰਦੁਆਰੇ ਤੋਂ ਹੀ ਉਨ੍ਹਾਂ ਨੇ ਕਾਰ ਸੇਵਾ ਦੀ ਗੱਡੀ ਲਈ ਸੀ । ਪੁਲਿਸ ਨੇ ਹੁਸ਼ਿਆਰਪੁਰ ਤੋਂ ਸਕਾਰਪੀਓ ਨੂੰ ਜ਼ਬਤ ਕੀਤੀ ਸੀ ਪਰ ਪਪਲਪ੍ਰੀਤ ਅਤੇ ਅੰਮ੍ਰਿਤਪਾਲ ਸਿੰਘ ਪੁਲਿਸ ਦੇ ਹੱਥ ਨਹੀਂ ਆਏ ਸਨ । ਉਸੇ ਦਿਨ ਤੋਂ ਪੁਲਿਸ ਲਗਾਤਾਰ ਹੁਸ਼ਿਆਰਪੁਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਤਲਾਸ਼ ਕਰ ਰਹੀ ਸੀ ।

ਪਪਲਪ੍ਰੀਤ ਸਿੰਘ ਵਾਰਿਸ ਪੰਜਾਬ ਦਾ ਮੀਡੀਆ ਐਡਵਾਇਜ਼ਰ ਹੈ। 18 ਮਾਰਚ ਜਦੋਂ ਤੋਂ ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਸੇ ਵੇਲੇ ਤੋਂ ਪਪਲਪ੍ਰੀਤ ਸਿੰਘ ਉਨ੍ਹਾਂ ਦੇ ਨਾਲ ਸੀ । ਹੁਣ ਤੱਕ ਜਿੰਨੇ ਵੀ ਵੀਡੀਓ ਸਾਹਮਣੇ ਆਏ ਸਨ ਉਨ੍ਹਾਂ ਵਿੱਚ ਪਪਲਪ੍ਰੀਤ ਸਿੰਘ ਅੰਮ੍ਰਿਤਪਾਲ ਸਿੰਘ ਦੇ ਨਾਲ ਸੀ। ਸਭ ਤੋਂ ਪਹਿਲਾਂ ਦੋਵਾਂ ਦਾ ਇਕੱਠੇ ਵੀਡੀਓ ਬਾਈਕ ‘ਤੇ ਸਾਹਮਣੇ ਆਇਆ ਸੀ ਫਿਰ ਦੂਜਾ ਵੀਡੀਓ ਪਟਿਆਲਾ ਅਤੇ ਤੀਜਾ ਕੁਰੂਕਸ਼ੇਤਰ ਤੋਂ ਸਾਹਮਣੇ ਆਇਆ ਸੀ । ਫਿਰ ਦਿੱਲੀ ਤੋਂ ਵੀ ਇੱਕ ਵੀਡੀਓ ਸਾਹਮਣੇ ਆਇਆ ਸੀ,ਇਹ ਵੀਡੀਓ ਲਕਸ਼ਮੀ ਨਗਰ ਦਾ ਦੱਸਿਆ ਜਾ ਰਿਹਾ ਸੀ ।

ਪਪਲਪ੍ਰੀਤ ਨੇ ਹੀ ਪਟਿਆਲਾ ਦੀ ਬਲਬੀਰ ਕੌਰ ਦੇ ਜ਼ਰੀਏ ਸਫੇਦ ਰੰਗ ਦੀ ਸਕੂਟੀ ਲਈ ਸੀ ਜਿਸ ਦੇ ਜ਼ਰੀਏ ਅੰਮ੍ਰਿਤਪਾਲ ਸਿੰਘ ਕੁਰੂਕਸ਼ੇਤਰ ਬਲਜੀਤ ਕੌਰ ਦੇ ਘਰ ਪਹੁੰਚੇ ਸਨ । ਬਲਜੀਤ ਕੌਰ ਵੀ ਪਪਲਪ੍ਰੀਤ ਦੀ ਜਾਣਕਾਰੀ ਸੀ ਇਸੇ ਲਈ ਬਲਜੀਤ ਕੌਰ ਦੇ ਫੋਨ ਤੋਂ ਹੀ ਅੰਮ੍ਰਿਤਪਾਲ ਸਿੰਘ ਨੇ ਪਪਲਪ੍ਰੀਤ ਦੇ ਜੀਜੇ ਨੂੰ ਸ਼੍ਰੀਨਗਰ ਫੋਨ ਕਰਕੇ ਉੱਥੇ ਦੇ ਹਾਲਾਤ ਬਾਰੇ ਜਾਣਕਾਰੀ ਲਈ ਸੀ । ਪੁਲਿਸ ਨੇ ਪਪਲਪ੍ਰੀਤ ਦੇ ਜੀਜਾ ਅਮਰੀਕ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਇਲਾਵਾ ਅੰਮ੍ਰਿਤਪਾਲ ਨੇ ਬਲਜੀਤ ਕੌਰ ਦੇ ਫੋਨ ਤੋਂ ਇਦੌਰ ਸੁਖਪ੍ਰੀਤ ਸਿੰਘ ਨੂੰ ਫੋਨ ਕੀਤਾ ਸੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ । ਪੰਜਾਬ ਪੁਲਿਸ ਨੇ ਬਲਜੀਤ ਅਤੇ ਬਲਬੀਰ ਕੌਰ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਸੀ ।