Punjab

ਪੰਜਾਬ ਦਾ “ਵਾਹਲਾ ਰਹਿਣਾ” ਮੁਕਾਬਲਾ, ਮੁਕਾਬਲੇ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਮੋਬਾਈਲ ਫ਼ੋਨ ਦੀ ਲਤ ਤੋਂ ਦੂਰ ਕਰਨਾ

ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆਂ ਖੁਰਦ ਵਿੱਚ ਇੱਕ ਅਨੋਖਾ (ਵੇਹਲੇ ਰਹਿਣ ਦਾ ਮੁਕਾਬਲਾ) ਸ਼ੁਰੂ ਹੋ ਗਿਆ ਹੈ। ਇਸ ਵਿੱਚ 55 ਲੋਕ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿੱਚ ਬੱਚੇ, ਨੌਜਵਾਨ, ਬਜ਼ੁਰਗ, ਪਤੀ-ਪਤਨੀ ਅਤੇ ਦਾਦਾ-ਦਾਦੀ ਸ਼ਾਮਲ ਹਨ। ਮੁਕਾਬਲੇ ਲਈ ਕੋਈ ਉਮਰ ਸੀਮਾ ਨਹੀਂ ਰੱਖੀ ਗਈ। ਸਿਰਫ਼ ਸਿਹਤਮੰਦ ਹੋਣਾ ਅਤੇ ਲੰਮੇ ਸਮੇਂ ਬੈਠ ਸਕਣ ਦੀ ਸਮਰੱਥਾ ਹੀ ਲੋੜ ਹੈ।

ਪ੍ਰਬੰਧਕ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਮੁਕਾਬਲੇ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਮੋਬਾਈਲ ਫ਼ੋਨ ਦੀ ਲਤ ਤੋਂ ਦੂਰ ਕਰਨਾ ਅਤੇ ਇਹ ਦਿਖਾਉਣਾ ਹੈ ਕਿ ਫ਼ੋਨ ਤੋਂ ਬਿਨਾਂ ਵੀ ਜ਼ਿੰਦਗੀ ਵਿੱਚ ਸ਼ਾਂਤੀ, ਖੁਸ਼ੀ ਅਤੇ ਪਰਿਵਾਰਕ ਨੇੜਤਾ ਹਾਸਲ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਅੱਜ ਦਾ ਸਮਾਜ ਮੋਬਾਈਲ ਕਾਰਨ ਟੁੱਟ ਰਿਹਾ ਹੈ – ਤਲਾਕ, ਖੁਦਕੁਸ਼ੀਆਂ, ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਖ਼ਤਮ ਹੋਣੀ ਅਤੇ ਆਪਸੀ ਤਣਾਅ ਵਧ ਰਿਹਾ ਹੈ। ਇਸ ਮੁਕਾਬਲੇ ਰਾਹੀਂ ਲੋਕਾਂ ਨੂੰ ਯਾਦ ਕਰਵਾਇਆ ਜਾ ਰਿਹਾ ਹੈ ਕਿ ਖੁੱਲ੍ਹ ਕੇ ਗੱਲਾਂ ਕਰਨ ਅਤੇ ਪਰਿਵਾਰ ਨਾਲ ਸਮਾਂ ਬਿਤਤ ਕਰਨ ਨਾਲ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ।

ਮੁਕਾਬਲੇ ਵਿੱਚ 11 ਸਖ਼ਤ ਨਿਯਮ ਲਾਗੂ ਹਨ: ਮੋਬਾਈਲ ਫ਼ੋਨ ਦੀ ਪੂਰੀ ਮਨਾਹੀ, ਖੜ੍ਹੇ ਨਹੀਂ ਹੋਣਾ, ਖਾਣਾ-ਪੀਣਾ ਆਪਣੀ ਸੀਟ ’ਤੇ ਹੀ (ਪ੍ਰਬੰਧਕ ਵੱਲੋਂ ਪਰੋਸਿਆ ਜਾਵੇਗਾ), ਟਾਇਲਟ ਜਾਣ ’ਤੇ ਬਾਹਰ, ਝਗੜਾ ਜਾਂ ਉੱਚੀ ਆਵਾਜ਼ ’ਤੇ ਡਿਸਕਵਾਲਿਫਾਈ, ਇੱਕ ਵਾਰ ਬਾਹਰ ਹੋਏ ਤਾਂ ਦੁਬਾਰਾ ਐਂਟਰੀ ਨਹੀਂ। ਹਾਲਾਂਕਿ ਕਿਤਾਬਾਂ ਪੜ੍ਹਨ, ਧਾਰਮਿਕ ਧਿਆਨ ਲਾਉਣ ਅਤੇ ਚੁੱਪ-ਚਾਪ ਗੱਲਾਂ ਕਰਨ ਦੀ ਆਗਿਆ ਹੈ।

ਪਹਿਲੇ ਦਿਨ (12 ਘੰਟੇ) ਸਿਰਫ਼ ਮੁਠੀ ਭਰ ਲੋਕ ਹੀ ਬਾਹਰ ਹੋਏ। ਮੁਕਾਬਲਾ 24 ਘੰਟੇ ਤੋਂ ਵੱਧ ਵੀ ਚੱਲ ਸਕਦਾ ਹੈ। ਜੇਤੂ ਨੂੰ ਸਾਈਕਲ + 4,500 ਰੁਪਏ, ਦੂਜੇ ਨੂੰ 2,500 ਤੇ ਤੀਜੇ ਨੂੰ 1,500 ਰੁਪਏ ਇਨਾਮ ਮਿਲੇਗਾ। ਨਤੀਜੇ ਸੋਮਵਾਰ ਨੂੰ ਐਲਾਨੇ ਜਾਣਗੇ। ਵਿਕਰਮਜੀਤ ਸਿੰਘ ਨੇ ਕਿਹਾ, “ਅਸੀਂ ਭੁੱਲ ਗਏ ਹਾਂ ਕਿ ਬਿਨਾਂ ਮੋਬਾਈਲ ਦੇ ਵੀ ਜ਼ਿੰਦਗੀ ਬਹੁਤ ਸੋਹਣੀ ਹੈ। ਇਹ ਮੁਕਾਬਲਾ ਉਹ ਗੱਲ ਯਾਦ ਕਰਵਾਏਗਾ।”