ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆਂ ਖੁਰਦ ਵਿਖੇ ਇੱਕ ਅਜਿਹਾ ਵਿਲੱਖਣ ਮੁਕਾਬਲਾ ਹੋਇਆ ਜਿਸ ਦਾ ਨਾਂ ਸੀ “ਵਿਹਲੇ ਰਹਿਣ” ਮਤਲਬ ਬੈਠ ਕੇ ਕੁਝ ਨਾ ਕਰਨ ਦੀ ਪ੍ਰਤਿਯੋਗਿਤਾ। ਇਹ ਮੁਕਾਬਲਾ ਐਤਵਾਰ ਸਵੇਰੇ 11 ਵਜੇ ਸ਼ੁਰੂ ਹੋਇਆ ਅਤੇ ਪੂਰੇ 32 ਘੰਟੇ ਬਾਅਦ ਸਮਾਪਤ ਹੋਇਆ। ਮੁੱਖ ਮਕਸਦ ਸੀ ਨੌਜਵਾਨਾਂ ਨੂੰ ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਦੀ ਲਤ ਤੋਂ ਦੂਰ ਕਰਨਾ, ਕਿਤਾਬਾਂ ਨਾਲ ਜੋੜਨਾ, ਸਬਰ-ਧੀਰਜ ਸਿਖਾਉਣਾ ਤੇ ਨਸ਼ਿਆਂ ਤੋਂ ਬਚਾਉਣਾ।
ਪੰਜਾਬ ਭਰ ਤੋਂ 55 ਭਾਗੀਦਾਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਬੱਚੇ, ਨੌਜਵਾਨ, ਔਰਤਾਂ ਤੇ ਬਜ਼ੁਰਗ ਵੀ ਸ਼ਾਮਲ ਸਨ।
ਮੁਕਾਬਲੇ ਦੇ 11 ਸਖ਼ਤ ਨਿਯਮ ਸਨ:
- ਨੀਂਦ ਬਿਲਕੁਲ ਨਹੀਂ ਲੈਣੀ
- ਖਾਣਾ-ਪਾਣੀ ਨਹੀਂ ਪੀਣਾ
- ਬਾਥਰੂਮ ਬ੍ਰੇਕ ਵੀ ਨਹੀਂ
- ਮੋਬਾਈਲ ਫੋਨ ਦੀ ਸਖ਼ਤ ਮਨਾਹੀ
- ਝਗੜਾ ਕੀਤਾ ਤਾਂ ਤੁਰੰਤ ਬਾਹਾਰ
- ਸਿਰਫ਼ ਕਿਤਾਬ ਪੜ੍ਹਨ ਜਾਂ ਸਿਮਰਨ-ਜਾਪ ਕਰਨ ਦੀ ਇਜਾਜ਼ਤ
ਭਾਗੀਦਾਰ ਇੱਕ-ਦੂਜੇ ਨਾਲ ਗੱਲਾਂ ਕਰ ਸਕਦੇ ਸਨ ਪਰ ਝਗੜਾ ਨਹੀਂ ਕਰ ਸਕਦੇ ਸਨ। 32 ਘੰਟੇ ਦੀ ਇਸ ਸਖ਼ਤ ਪ੍ਰਤਿਯੋਗਿਤਾ ਵਿੱਚ ਸਿਰਫ਼ ਤਿੰਨ ਵਿਅਕਤੀ ਹੀ ਅੰਤ ਤੱਕ ਡਟੇ ਰਹੇ। 52 ਭਾਗੀਦਾਰ 12 ਤੋਂ 24 ਘੰਟਿਆਂ ਦੇ ਵਿਚਕਾਰ ਹਾਰ ਮੰਨ ਕੇ ਬਾਹਰ ਹੋ ਗਏ।
ਸਾਂਝੇ ਜੇਤੂ ਬਣੇ:
- ਸਤਬੀਰ ਸਿੰਘ (ਨੱਥਕੇ, ਮੋਗਾ)
- ਲਾਭਪ੍ਰੀਤ ਸਿੰਘ (ਰੋਲੀ, ਮੋਗਾ)
ਦੋਵਾਂ ਨੇ 31 ਘੰਟੇ 4 ਮਿੰਟ ਤੱਕ ਬਿਨਾਂ ਬਿਨਾਂ ਖਾਧਾ-ਪੀਤਾ, ਬਿਨਾਂ ਮੋਬਾਈਲ ਤੇ ਬਿਨਾਂ ਨੀਂਦ ਬੈਠੇ ਰਹਿਣ ਦਾ ਰਿਕਾਰਡ ਬਣਾਇਆ। ਤੀਜੇ ਸਥਾਨ ’ਤੇ ਰਹੇ ਚਾਨਣ ਸਿੰਘ (ਢੁੱਡੀਕੇ) ਨੇ 29 ਘੰਟੇ ਪੂਰੇ ਕੀਤੇ।
ਇਨਾਮ:
ਪਹਿਲੇ ਦੋਵੇਂ ਜੇਤੂਆਂ ਨੂੰ ਇੱਕ-ਇੱਕ ਸਾਈਕਲ + ₹3,500 ਨਕਦ
ਤੀਜੇ ਸਥਾਨ ਨੂੰ ₹1,500 ਨਕਦ
ਜੇਤੂਆਂ ਨੇ ਦੱਸਿਆ ਕਿ ਉਹ ਹੋਰ 7-8 ਘੰਟੇ ਵੀ ਬੈਠ ਸਕਦੇ ਸਨ ਪਰ ਪ੍ਰਬੰਧਕਾਂ ਨੇ ਸਿਹਤ ਨੂੰ ਵੇਖਦਿਆਂ ਮੁਕਾਬਲਾ ਰੋਕ ਦਿੱਤਾ। ਲਾਭਪ੍ਰੀਤ ਸਿੰਘ ਨੇ ਕਿਹਾ, “ਮੈਂ ਆਇਤਾਂ ਪੜ੍ਹਦਾ ਰਿਹਾ। ਮੁਕਾਬਲਾ ਇੰਨਾ ਸਖ਼ਤ ਸੀ ਕਿ ਬਾਥਰੂਮ ਜਾਣ ਬਾਰੇ ਸੋਚਿਆ ਵੀ ਨਹੀਂ।” ਸਤਬੀਰ ਸਿੰਘ ਨੇ ਕਿਹਾ, “ਘਰੇ ਤਾਂ ਸਾਰਾ ਦਿਨ ਰੀਲਾਂ ਵੇਖਦੇ ਰਹਿੰਦੇ ਸੀ, ਪਰ ਇੱਥੇ 31 ਘੰਟੇ ਮੋਬਾਈਲ ਤੋਂ ਦੂਰ ਰਹਿਣ ਦਾ ਆਨੰਦ ਹੀ ਕੁਝ ਹੋਰ ਸੀ।”
ਮੁੱਖ ਪ੍ਰਬੰਧਕ ਕਮਲਪ੍ਰੀਤ ਸਿੰਘ ਨੇ ਦੱਸਿਆ, “ਲੋਕਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਪਿੰਡ ਦੀਆਂ ਔਰਤਾਂ ਨੇ ਖਾਣ-ਪੀਣ ਦਾ ਪ੍ਰਬੰਧ ਕੀਤਾ। ਅਸੀਂ ਅਗਲੇ ਸਾਲ ਵੀ ਅਜਿਹਾ ਮੁਕਾਬਲਾ ਕਰਵਾਵਾਂਗੇ। ਇਸ ਨਾਲ ਨੌਜਵਾਨ ਮੋਬਾਈਲ ਤੋਂ ਦੂਰ ਹੋਣਗੇ, ਕਿਤਾਬਾਂ ਨਾਲ ਜੁੜਨਗੇ ਤੇ ਨਸ਼ਿਆਂ ਤੋਂ ਵੀ ਬਚਣਗੇ।”
ਇਹ ਮੁਕਾਬਲਾ ਸਿਰਫ਼ ਇੱਕ ਖੇਡ ਨਹੀਂ, ਸਗੋਂ ਅੱਜ ਦੇ ਤਕਨੀਕੀ ਦੌਰ ਵਿੱਚ ਮੋਬਾਈਲ ਦੀ ਗੁਲਾਮੀ ਤੋਂ ਮੁਕਤ ਹੋਣ ਦਾ ਸੁਨੇਹਾ ਬਣ ਕੇ ਉਭਰਿਆ। ਜੇਤੂਆਂ ਦਾ ਕਹਿਣਾ ਸੀ ਕਿ ਇਸ ਤਜਰਬੇ ਨਾਲ ਪਤਾ ਚੱਲਿਆ ਕਿ ਸਾਡੇ ਸਰੀਰ ਮੋਬਾਈਲ ਕਾਰਨ ਕਿੰਨੇ ਸੁਸਤ ਹੋ ਗਏ ਨੇ, ਪਰ ਮਨ ਤੇ ਸਰੀਰ ਦੋਵੇਂ ਬਹੁਤ ਜ਼ਿਆਦਾ ਸਮਰੱਥਾ ਰੱਖਦੇ ਨੇ। ਪਿੰਡ ਵਾਸੀਆਂ ਨੇ ਵੀ ਭਰਵਾਂ ਹੁੰਗਾਰਾ ਦਿੱਤਾ ਤੇ ਅਗਲੇ ਸਾਲ ਹੋਰ ਵੱਡੇ ਪੱਧਰ ’ਤੇ ਮੁਕਾਬਲਾ ਕਰਨ ਦੀ ਮੰਗ ਕੀਤੀ।

