‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਵਿੱਚ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨੂੰ ਵੇਖ ਕੇ ਅਸਟ੍ਰੇਲੀਆ ਦੇ ਪਰਥ ਵਿੱਚ ਇੱਕ ਪੰਜਾਬਣ ਕਰਮਪ੍ਰੀਤ ਕੌਰ ਨੇ ਕਿਸਾਨਾਂ ਦੇ ਹੱਕ ਵਿੱਚ ਵਿਰੋਧ ਜਤਾਇਆ। ਕਰਮਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਘਰ ਵਿੱਚ ਕੰਮ ਕਰ ਰਹੀ ਸੀ ਤਾਂ ਉਸ ਸਮੇਂ ਟੀਵੀ ‘ਤੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨੂੰ ਵੇਖ ਕੇ ਅਤੇ ਉਨ੍ਹਾਂ ‘ਤੇ ਹੋ ਰਹੇ ਤਸ਼ੱਦਦ ਨੂੰ ਵੇਖ ਕੇ ਉਸਦਾ ਮਨ ਬਹੁਤ ਦੁਖੀ ਹੋਇਆ।
ਉਨ੍ਹਾਂ ਕਿਹਾ ਕਿ ‘ਇਸ ਤੋਂ ਬਾਅਦ ਮੈਂ ਆਪਣਾ ਵਿਰੋਧ ਪ੍ਰਗਟ ਕਰਨ ਦੇ ਲਈ ਇੱਕ ਸ਼ਾਪਿੰਗ ਸੈਂਟਰ ‘ਤੇ ਗਈ ਪਰ ਉੱਥੇ ਮੈਨੂੰ ਸੁਰੱਖਿਆ ਕਰਮੀਆਂ ਨੇ ਵਿਰੋਧ ਪ੍ਰਗਟ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪ੍ਰਾਈਵੇਟ ਪ੍ਰਾਪਰਟੀ ਹੈ, ਇੱਥੇ ਤੁਸੀਂ ਵਿਰੋਧ ਨਹੀਂ ਕਰ ਸਕਦੇ। ਫਿਰ ਬਾਅਦ ਵਿੱਚ ਮੈਂ ਉੱਥੇ ਨੇੜੇ ਹੀ ਇੱਕ ਚੌਰਾਹੇ ‘ਤੇ ਵਿਰੋਧ ਪ੍ਰਗਟ ਕਰਨ ਲਈ ਬੈਠ ਗਈ ਸੀ, ਜਿੱਥੇ ਮੈਨੂੰ ਪੰਜਾਬੀ ਵੀਰਾਂ-ਭੈਣਾਂ ਦਾ ਬਹੁਤ ਸਮਰਥਨ ਮਿਲਿਆ’। ਉਨ੍ਹਾਂ ਕਿਹਾ ਕਿ ‘ਵਿਰੋਧ ਪ੍ਰਗਟ ਕਰਨ ਦੇ ਲਈ ਸਾਡੀ ਭਾਰਤੀ ਅੰਬੈਸੀ ਜਾਣ ਦੀ ਤਿਆਰੀ ਹੈ’।
ਕਰਮਪ੍ਰੀਤ ਕੌਰ ਨੇ ਕਿਹਾ ਕਿ ‘ਇਸ ਦੌਰਾਨ ਇੱਕ ਔਰਤ ਮੇਰੇ ਕੋਲ ਆਈ ਅਤੇ ਮੈਨੂੰ 20 ਡਾਲਰ ਦਾ ਇੱਕ ਗਿਫਟ ਵਾਊਚਰ ਦਿੱਤਾ, ਜੋ ਕਿ ਮੈਂ ਬਾਅਦ ਵਿੱਚ ਸਕੂਲ ਦੇ ਬੱਚਿਆਂ ਨੂੰ ਦੇ ਦਿੱਤਾ ਅਤੇ ਉਨ੍ਹਾਂ ਨੂੰ ਕਿਸਾਨੀ ਅੰਦੋਲਨ ਬਾਰੇ ਦੱਸਿਆ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਕਿਸਾਨਾਂ ਦਾ ਪੂਰਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ’।