ਗੁਰਦਾਸਪੁਰ : ਵਿਦੇਸ਼ਾਂ ‘ਚ ਵਸਦੇ ਨੌਜਵਾਨਾਂ ਦੇ ਆਏ ਦਿਨ ਮੌ ਤਾਂ ਦੇ ਸਿਲਸਿਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਭਾਰਤ ਤੋਂ ਹਰ ਸਾਲ ਹਜਾਰਾਂ ਨੌਜਵਾਨ ਵਿਦੇਸੀ ਧਰਤੀ ਉੱਤੇ ਸੁਨਿਹਰੇ ਭਵਿਖ ਲਈ ਰੋਜ਼ਗਾਰ ਖਾਤਰ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਪਿੰਡ ਵਡਾਲਾ ਬਾਂਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਰੋਜ਼ੀ-ਰੋਟੀ ਲਈ 6 ਸਾਲ ਪਹਿਲਾਂ ਨਿਊਜ਼ੀਲੈਂਡ ਗਏ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਕੰਵਲਜੀਤ ਸਿੰਘ ਵਾਸੀ ਵਡਾਲਾ ਬਾਂਗਰ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
ਮੌਤ ਦੀ ਖ਼ਬਰ ਮਿਲਣ ‘ਤੇ ਪਿੰਡ ਵਡਾਲਾ ਬਾਂਗਰ ਤੇ ਆਸ ਪਾਸ ਦੇ ਇਲਾਕਿਆਂ ‘ਚ ਸੋਗ ਦੀ ਲਹਿਰ ਦੌੜ ਗਈ। ਇਸ ਸਬੰਧੀ ਮਰਹੂਮ ਕੰਵਲਜੀਤ ਸਿੰਘ ਦੇ ਜੀਜਾ ਸਰਪੰਚ ਮੇਜਰ ਸਿੰਘ ਢਿੱਲੋਂ ਮੋਟਰਜ਼ ਨੇ ਦੱਸਿਆ ਕਿ ਉਸ ਦਾ ਸਾਲਾ ਕੰਵਲਜੀਤ ਸਿੰਘ (24) ਪੁੱਤਰ ਸੇਵਾਮੁਕਤ ਲਾਈਨਮੈਨ ਮਲੂਕ ਸਿੰਘ ਵਾਸੀ ਵਡਾਲਾ ਬਾਂਗਰ 6 ਸਾਲ ਪਹਿਲਾਂ ਨਿਊਜ਼ੀਲੈਂਡ ‘ਚ ਸਟੱਡੀ ਵੀਜ਼ੇ ‘ਤੇ ਗਿਆ ਸੀ। ਡੇਢ ਸਾਲ ਪਹਿਲਾਂ ਹੀ ਕੰਵਲਜੀਤ ਸਿੰਘ ਨੂੰ ਪੀਆਰ ਮਿਲੀ ਸੀ।
ਕੱਲ੍ਹ ਸਵੇਰੇ ਤੜਕਸਾਰ ਕੰਵਲਜੀਤ ਸਿੰਘ ਦੇ ਦੋਸਤ ਨੇ ਫ਼ੋਨ ’ਤੇ ਕੰਵਲਜੀਤ ਸਿੰਘ ਦੇ ਪਿਤਾ ਮਲੂਕ ਸਿੰਘ ਨੂੰ ਦੱਸਿਆ ਕਿ ਕੰਵਲਜੀਤ ਦੀ ਮੌਤ ਹੋ ਗਈ ਹੈ। ਉਸ ਨੇ ਦੱਸਿਆ ਕਿ ਕੰਵਲਜੀਤ ਰੋਜ਼ਾਨਾ 5 ਵਜੇ ਆਪਣੀ ਡਿਊਟੀ ’ਤੇ ਚਲਾ ਜਾਂਦਾ ਸੀ ਅਤੇ ਅੱਜ ਸਵੇਰੇ ਉਨ੍ਹਾਂ 6 ਵਜੇ ਦੇ ਕਰੀਬ ਵੇਖਿਆ ਕਿ ਉਸ ਦੀ ਗੱਡੀ ਘਰ ਦੇ ਬਾਹਰ ਖੜ੍ਹੀ ਹੈ। ਉਪਰੰਤ ਜਦੋਂ ਉਹ ਕੰਵਲਜੀਤ ਸਿੰਘ ਦੇ ਕਮਰੇ ‘ਚ ਗਏ ਤਾਂ ਉਨ੍ਹਾਂ ਵੇਖਿਆ ਕਿ ਉਹ ਬਿਸਤਰੇ ’ਚ ਬੇਹੋਸ਼ ਪਿਆ ਹੋਇਆ ਸੀ। ਇਸ ਸਬੰਧੀ ਉਨ੍ਹਾਂ ਐਂਬੂਲੈਂਸ ਨੂੰ ਫ਼ੋਨ ਕੀਤਾ ਤਾਂ ਡਾਕਟਰਾਂ ਵੱਲੋਂ ਜਦੋਂ ਕੰਵਲਜੀਤ ਦਾ ਚੈੱਕਅਪ ਕੀਤਾ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ਾਂ ਵਿਚ ਜਾਣ ਦਾ ਕ੍ਰੇਜ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਹਰੇਕ ਸਾਲ ਵੱਡੀ ਗਿਣਤੀ ਵਿਚ ਨੌਜਵਾਨ ਮੁੰਡੇ-ਕੁੜੀਆਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਜਾਂਦੇ ਹਨ ਤੇ ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉੱਥੇ ਜਾ ਕੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਸੁਧਾਰਨਗੇ ਤੇ ਆਪਣਾ ਭਵਿੱਖ ਉੱਜਵਲ ਬਣਾਉਣਗੇ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਭਾਣਾ ਵਰਤ ਜਾਂਦਾ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ।