ਪਠਾਨਕੋਟ ਦੇ ਇੱਕ ਨੌਜਵਾਨ ਦੇ ਪਨਾਮਾ ਦੇ ਜੰਗਲਾਂ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਡੌਂਕੀ ਲਗਾ ਕੇ ਅਮਰੀਕਾ ਜਾ ਰਿਹਾ ਸੀ। ਟਰੈਵਲ ਏਜੰਟ ਨੇ 45 ਲੱਖ ਰੁਪਏ ਲੈ ਕੇ ਭੇਜਣ ਦੀ ਗੱਲ ਕਹੀ ਸੀ। ਪੀੜਤਾ ਨੇ ਐਮ.ਬੀ.ਏ. ਕੀਤਾ ਹੋਇਆ ਹੈ। ਪਰਿਵਾਰ ਨੇ ਪਿਛਲੇ ਮਹੀਨੇ ਬੇਟੇ ਨਾਲ ਆਖ਼ਰੀ ਵਾਰ ਗੱਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਤੱਕ ਕੋਈ ਜਾਣਕਾਰੀ ਨਹੀਂ ਪਹੁੰਚੀ। ਪਰਿਵਾਰ ਦੀ ਸ਼ਿਕਾਇਤ ‘ਤੇ ਪਤੀ-ਪਤਨੀ ਟਰੈਵਲ ਏਜੰਟ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਨੌਜਵਾਨ ਪਠਾਨਕੋਟ ਦੇ ਭਾਰਤ ਨਗਰ ਇਲਾਕੇ ਦਾ ਰਹਿਣ ਵਾਲਾ ਸੀ।
ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਦੀ ਇਕ ਮਹੀਨੇ ਤੋਂ ਆਪਣੇ ਪਰਿਵਾਰ ਨਾਲ ਕੋਈ ਗੱਲ ਨਹੀਂ ਹੋਈ। ਇਸ ਮਗਰੋਂ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਚਲਦਿਆਂ ਪਠਾਨਕੋਟ ਪੁਲਿਸ ਨੇ ਦੋ ਲੋਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੇ ਐੱਮ.ਬੀ.ਏ. ਕੀਤੀ ਹੋਈ ਸੀ ਪਰ ਉਹ ਅਮਰੀਕਾ ਜਾਣਾ ਚਾਹੁੰਦਾ ਸੀ। ਇਸ ਦੇ ਲਈ ਏਜੰਟ ਨਾਲ 45 ਲੱਖ ਰੁਪਏ ਵਿਚ ਗੱਲ ਹੋਈ ਸੀ ਅਤੇ ਉਨ੍ਹਾਂ ਨੇ 15 ਦਿਨ ਵਿਚ ਨੌਜਵਾਨ ਨੂੰ ਅਮਰੀਕਾ ਪਹੁੰਚਾਉਣ ਦਾ ਦਾਅਵਾ ਕੀਤਾ ਸੀ। ਅਜੇ ਏਜੰਟ ਨੂੰ 15 ਲੱਖ ਰੁਪਏ ਨਕਦ ਦਿੱਤੇ ਗਏ ਸਨ।
ਪਰਿਵਾਰ ਨੇ ਦੱਸਿਆ ਕਿ ਨੌਜਵਾਨ ਦੀ ਆਖ਼ਰੀ ਲੋਕੇਸ਼ਨ ਕੋਲੰਬੀਆ ਦੀ ਟਰੇਸ ਹੋਈ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਸ ਤੋਂ ਅੱਗੇ ਪਨਾਮਾ ਦੇ ਜੰਗਲ ਹਨ ਤਾਂ ਉਨ੍ਹਾਂ ਨੇ ਏਜੰਟ ਨਾਲ ਗੱਲ ਕੀਤੀ ਕਿ ਉਸ ਨੂੰ ਇਸ ਰਾਹ ਜ਼ਰੀਏ ਨਾ ਭੇਜਿਆ ਜਾਵੇ। ਇਸ ਤੋਂ ਬਾਅਦ ਨੌਜਵਾਨ ਪਨਾਮਾ ਦੇ ਜੰਗਲਾਂ ਵਿਚ ਗੁੰਮ ਹੋ ਗਿਆ। 19 ਦਸੰਬਰ 2023 ਤੋਂ ਬਾਅਦ ਜਗਮੀਤ ਦੀ ਪ੍ਰਵਾਰ ਨਾਲ ਗੱਲ ਨਹੀਂ ਹੋਈ।
ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਪੀੜਤ ਪਰਿਵਾਰ ਨੇ ਕਿਹਾ ਕਿ ਉਹ ਵਿਦੇਸ਼ ਜਾਣ ਦੇ ਨਾਂਅ ‘ਤੇ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਣ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰਨ। ਉਨ੍ਹਾਂ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਵਿਦੇਸ਼ ਜਾਣ ਦੀ ਬਜਾਏ ਆਪਣੀ ਧਰਤੀ ਉੱਤੇ ਰਹਿ ਕੇ ਮਿਹਨਤ ਕੀਤੀ ਜਾਵੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਿਟੀ ਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਕਿ ਇਕ ਨੌਜਵਾਨ ਨੂੰ ਟਰੈਵਲ ਏਜੰਟ ਵਲੋਂ ਡੌਂਕੀ ਜ਼ਰੀਏ ਅਮਰੀਕਾ ਭੇਜਿਆ ਗਿਆ ਹੈ ਅਤੇ ਇਹ ਨੌਜਵਾਨ ਪਨਾਮਾ ਦੇ ਜੰਗਲਾਂ ਵਿਚ ਗੁੰਮ ਹੋ ਗਿਆ ਹੈ। ਪਰਿਵਾਰ ਦੀ ਸ਼ਿਕਾਇਤ ਮਗਰੋਂ ਏਜੰਟ ਪਰਮਿੰਦਰ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ ਦੋਹਾਂ ਵਿਰੁੱਧ ਧਾਰਾ 346, 420 ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।