ਫ਼ਿਰੋਜ਼ਪੁਰ :
ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੇ ਕਤਲ ਕੀਤੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਆਏ ਦਿਨ ਕੋਈ ਨਾ ਕੋਈ ਅਜਿਹੀ ਮੰਦਭਾਗੀ ਖ਼ਬਰ ਸੁਣਨ ਵਿਚ ਆਉਂਦੀ ਹੈ। ਅਜਿਹਾ ਹੀ ਇਕ ਮਾਮਲਾ ਫ਼ਿਰੋਜ਼ਪੁਰ ਦੇ ਪਿੰਡ ਉਗੋਕੇ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਨੌਜਵਾਨ ਦਾ ਮਨੀਲਾ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ ਹੈ ਤੇ ਉਹ ਸਿਰਫ਼ 27 ਸਾਲਾਂ ਦਾ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ 3 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਆਪਣੀ ਪਤਨੀ ਕੋਲ ਮਨੀਲਾ ਗਿਆ ਸੀ ਤੇ ਦੋਵੇਂ ਪਤੀ-ਪਤਨੀ ਉਥੇ ਹੀ ਰਹਿ ਰਹੇ ਸਨ। ਲਖਵਿੰਦਰ ਉੱਥੇ ਫਾਈਨਾਂਸ ਦਾ ਕੰਮ ਕਰਦਾ ਸੀ। ਅੱਜ ਜਦੋਂ ਉਹ ਕੰਮ ‘ਤੇ ਜਾ ਰਿਹਾ ਸੀ ਤਾਂ ਰਸਤੇ ਵਿਚ ਕਿਸੇ ਨੇ ਉਸ ਦੀ ਗੋਲੀਆਂ ਮਾਂ ਕੇ ਹੱਤਿਆ ਕਰ ਦਿੱਤੀ। ਹੱਤਿਆ ਲੁੱਟਮਾਰ ਲਈ ਨਹੀਂ ਕੀਤੀ ਗਈ ਸੀ ਕਿਉਂਕਿ ਲਖਵਿੰਦਰ ਦੀ ਦੇਹ ਕੋਲ ਪੈਸੇ ਪਏ ਹੋਏ ਸਨ।
ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕਤਲ ਕਿਸੇ ਪੁਰਾਣੀ ਰੰਜਸ਼ ਦੀ ਵਜ੍ਹਾ ਨਾਲ ਕੀਤਾ ਗਿਆ ਹੈ। ਲਖਵਿੰਦਰ ਨੇ ਵੀ ਵੀ ਇਕ ਵਾਰ ਕਿਹਾ ਸੀ ਕਿ ਉਸ ਨੂੰ ਇੰਝ ਲੱਗਦਾ ਹੈ ਕਿ ਕੋਈ ਉਸ ਦਾ ਪਿੱਛਾ ਕਰ ਰਿਹਾ ਹੈ। ਲਖਵਿੰਦਰ ਦੀ ਮੌਤ ਦੀ ਖ਼ਬਰ ਨਾਲ ਪੂਰੇ ਪਰਿਵਾਰ ਵਿਚ ਸੋਗ ਦਾ ਮਾਹੌਲ ਹੈ ਤੇ ਪਰਿਵਾਰ ਵਾਲੇ ਮੰਗ ਕਰ ਰਹੇ ਹਨ ਕਿ ਉਸ ਦੀ ਦੇਹ ਨੂੰ ਜਲਦ ਤੋਂ ਜਲਦ ਪੰਜਾਬ ਲਿਆਉਣ ਵਿਚ ਸਰਕਾਰ ਮਦਦ ਕਰੇ ਤੇ ਮੁਲਜ਼ਮਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ।
ਘਟਨਾ ਦਾ ਪਤਾ ਲੱਗਦਿਆਂ ਹੀ ਘਰ ਵਿਚ ਸੋਗ ਦੀ ਲਹਿਰ ਦੌੜ ਗਈ। ਪਰਵਾਰਕ ਮੈਂਬਰਾਂ ਨੇ ਮੰਗ ਕੀਤੀ ਉਨ੍ਹਾਂ ਦੇ ਪੁੱਤਰ ਦਾ ਕਤਲ ਕਰਨ ਵਾਲੇ ਲੋਕਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਉਸ ਦੀ ਦੇਹ ਪੰਜਾਬ ਲਿਆਉਣ ਵਿਚ ਮਦਦ ਕੀਤੀ ਜਾਵੇ।