International

ਅਮਰੀਕਾ ‘ਚ ਪੰਜਾਬੀ ਨੌਜਵਾਨ ਨੂੰ ਪੁਲਿਸ ਨੇ ਮਾਰੀ ਗੋਲੀ, LA ਪੁਲਿਸ ਨੇ ਕਿਹਾ- ਵਿਅਕਤੀ ਨੇ ਹਮਲਾ ਕਰਨ ਦੀ ਕੋਸ਼ਿਸ਼ ਸੀ ਕੀਤੀ

ਅਮਰੀਕਾ ਦੇ ਲਾਸ ਏਂਜਲਸ ਵਿੱਚ 13 ਜੁਲਾਈ 2025 ਨੂੰ ਸਵੇਰੇ ਇੱਕ ਦੁਖਦਾਈ ਘਟਨਾ ਵਾਪਰੀ, ਜਿਸ ਵਿੱਚ ਸਿੱਖ ਭਾਈਚਾਰੇ ਦੇ 35 ਸਾਲਾ ਨੌਜਵਾਨ ਗੁਰਪ੍ਰੀತ ਸਿੰਘ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਹ ਮਾਮਲਾ ਹਾਲ ਹੀ ਵਿੱਚ ਪੁਲਿਸ ਦੁਆਰਾ ਜਾਰੀ ਕੀਤੇ ਗਏ ਬਾਡੀਕੈਮ ਵੀਡੀਓ ਤੋਂ ਬਾਅਦ ਚਰਚਾ ਵਿੱਚ ਆਇਆ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਓਲੰਪਿਕ ਬੁਲੇਵਾਰਡ ਨੇੜੇ ਇੱਕ ਵਿਅਕਤੀ ਤਲਵਾਰ ਵਰਗੀ ਚੀਜ਼ ਲਹਿਰਾ ਕੇ ਲੋਕਾਂ ਨੂੰ ਡਰਾ ਰਿਹਾ ਸੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ, ਤਾਂ ਗੁਰਪ੍ਰੀਤ ਸਿੰਘ, ਜੋ ਨੀਲੀ ਪੱਗ, ਵੈਸਟ ਅਤੇ ਸ਼ਾਰਟਸ ਪਹਿਨੇ ਹੋਏ ਸੀ, ਸੜਕ ‘ਤੇ ਤਲਵਾਰ ਲਹਿਰਾਉਂਦਾ ਦਿਖਾਈ ਦਿੱਤਾ।

ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਪੁਲਿਸ ਦੇ ਅਨੁਸਾਰ, ਗੁਰਪ੍ਰੀਤ ਨੇ ਆਪਣੀ ਕਾਰ ਵਿੱਚ ਬੈਠ ਕੇ ਤੇਜ਼ ਰਫਤਾਰ ਨਾਲ ਵਾਹਨ ਚਲਾਇਆ ਅਤੇ ਕਈ ਵਾਹਨਾਂ ਨੂੰ ਟੱਕਰ ਮਾਰੀ। ਇਸ ਦੌਰਾਨ, ਉਸ ਨੇ ਕਾਰ ਦੀ ਖਿੜਕੀ ਵਿੱਚੋਂ ਤਲਵਾਰ ਲਹਿਰਾਉਂਦੇ ਹੋਏ ਪੁਲਿਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਿਸ ਨੂੰ ਗੋਲੀ ਚਲਾਉਣੀ ਪਈ। ਜ਼ਖਮੀ ਹਾਲਤ ਵਿੱਚ ਗੁਰਪ੍ਰੀਤ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ। ਪੁਲਿਸ ਨੇ ਜਨਤਕ ਸਵਾਲਾਂ ਦੇ ਜਵਾਬ ਵਿੱਚ ਬਾਡੀਕੈਮ ਵੀਡੀਓ ਜਾਰੀ ਕੀਤਾ।

ਸਿੱਖ ਭਾਈਚਾਰੇ ਦਾ ਦਾਅਵਾ ਹੈ ਕਿ ਗੁਰਪ੍ਰੀਤ ਸਿੰਘ ਗੱਤਕਾ, ਜੋ ਪੰਜਾਬ ਦੀ ਰਵਾਇਤੀ ਜੰਗੀ ਕਲਾ ਹੈ, ਦਾ ਅਭਿਆਸ ਕਰ ਰਿਹਾ ਸੀ। ਗੱਤਕੇ ਵਿੱਚ ਖੰਡਾ (ਦੋਧਾਰੀ ਤਲਵਾਰ), ਬਰਛੇ, ਢਾਲ ਅਤੇ ਸੋਟੀਆਂ ਵਰਗੇ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਅਕਸਰ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਪੇਸ਼ ਕੀਤੀ ਜਾਂਦੀ ਹੈ। ਪਰ ਪੁਲਿਸ ਦਾ ਕਹਿਣਾ ਹੈ ਕਿ ਗੁਰਪ੍ਰੀਤ ਨੇ ਹਮਲਾਵਰ ਰਵੱਈਆ ਅਪਣਾਇਆ ਅਤੇ ਉਸ ਨੂੰ ਕਈ ਵਾਰ ਹਥਿਆਰ ਸੁੱਟਣ ਲਈ ਕਿਹਾ ਗਿਆ, ਜਿਸ ਨੂੰ ਉਸ ਨੇ ਨਜ਼ਰਅੰਦਾਜ਼ ਕੀਤਾ। ਬਾਡੀਕੈਮ ਵੀਡੀਓ ਅਨੁਸਾਰ, ਗੁਰਪ੍ਰੀਤ ਨੇ ਤਲਵਾਰ ਨਾਲ ਆਪਣੀ ਜੀਭ ਨੂੰ ਜ਼ਖਮੀ ਕਰ ਲਿਆ ਅਤੇ ਫਿਰ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਨੇ ਅਮਰੀਕਾ ਵਿੱਚ ਪੁਲਿਸ ਦੀ ਕਾਰਵਾਈ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ‘ਤੇ ਚਰਚਾ ਛੇੜ ਦਿੱਤੀ ਹੈ।