International Punjab

ਕੈਨੇਡਾ ’ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ

ਕੈਨੇਡਾ ਦੇ ਸਰ੍ਹੀ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਅਣਪਛਾਤੇ ਵਿਅਕਤੀ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਕੁਲਵਿੰਦਰ ਸਿੰਘ ਸੋਹੀ (27) ਵਜੋਂ ਹੋਈ ਹੈ। ਘਟਨਾ ਵ੍ਹਾਈਟ ਰੌਕ ਵਾਟਰਫਰੰਟ ‘ਤੇ ਵਾਪਰੀ।

ਮ੍ਰਿਤਕ ਕੁਲਵਿੰਦਰ ਸਿੰਘ 2018 ਵਿੱਚ ਵਰਕ ਪਰਮਿਟ ’ਤੇ ਕੈਨੇਡਾ ਗਿਆ ਸੀ ਅਤੇ ਹਾਲ ਹੀ ਵਿੱਚ ਉਸ ਨੂੰ ਪੀਆਰ (PR) ਮਿਲੀ ਸੀ। ਉਹ ਕੈਨੇਡਾ ਵਿੱਚ ਪਲੰਬਰ ਦਾ ਕੰਮ ਕਰਦਾ ਸੀ। ਪੰਜਾਬ ਵਿੱਚ ਉਹ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਤੋਲੇਵਾਲ ਦੇ ਨਾਲ ਸਬੰਧ ਰੱਖਦਾ ਸੀ।

police tape around a parking lot beside a beach

ਵ੍ਹਾਈਟ ਰੌਕ, ਬੀਸੀ ਕੈਨੇਡਾ ਦੀ ਪੁਲਿਸ ਦੇ ਬਿਆਨਾਂ ਮੁਤਾਬਕ ਮੰਗਲਵਾਰ ਰਾਤ ਨੂੰ ਕੁਲਵਿੰਦਰ ਸਿੰਘ ਦੇ ਕਤਲ ਬਾਅਦ ਸ਼ਹਿਰ ਦੇ ਵਾਟਰਫਰੰਟ ਇਲਾਕੇ ਵਿੱਚ ਤਾਇਨਾਤੀ ਵਧਾ ਦਿੱਤੀ ਗਈ। ਪੁਲਿਸ ਮੁਤਾਬਕ ਇਤੇ ਇਲਾਕੇ ਵਿੱਚ ਦੋ ਦਿਨ ਪਹਿਲਾਂ ਇੱਕ ਬੈਂਚ ‘ਤੇ ਬੈਠੇ ਇੱਕ ਹੋਰ ਵਿਅਕਤੀ ਨੂੰ ਚਾਕੂ ਮਾਰ ਕੇ ਜ਼ਖਮੀ ਕੀਤਾ ਗਿਆ ਸੀ। ਉਸ ਘਟਨਾ ਦੇ 2 ਦਿਨ ਬਾਅਦ ਹੀ ਕਤਲ ਦੀ ਇਹ ਵਾਰਦਾਤ ਹੋਈ ਹੈ।

ਵ੍ਹਾਈਟ ਰੌਕ ਆਰ.ਸੀ.ਐਮ.ਪੀ (RCMP) ਦਾ ਕਹਿਣਾ ਹੈ ਕਿ ਉਸ ਨੂੰ ਵ੍ਹਾਈਟ ਰੌਕ ਪੀਅਰ ਦੇ ਪੂਰਬ ਵੱਲ ਕੁਝ ਬਲਾਕਾਂ, ਮਰੀਨ ਡਰਾਈਵ ਦੇ 15400 ਬਲਾਕ ਵਿੱਚ ਰਾਤ 9:30 ਵਜੇ ਦੇ ਆਸ-ਪਾਸ ਚਾਕੂ ਦੇ ਜ਼ਖ਼ਮਾਂ ਤੋਂ ਪੀੜਤ ਵਿਅਕਤੀ ਦੀ ਰਿਪੋਰਟ ਮਿਲੀ ਸੀ। ਸਟਾਫ਼ ਸਾਰਜੈਂਟ ਰੌਬ ਡਿਕਸਨ ਨੇ ਕਿਹਾ ਕਿ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਡਿਕਸਨ ਨੇ ਕਿਹਾ ਕਿ ਜਦੋਂ ਅਧਿਕਾਰੀ ਰਿਪੋਰਟ ਦੇ ਕੁਝ ਮਿੰਟਾਂ ਦੇ ਅੰਦਰ ਮੌਕੇ ‘ਤੇ ਪਹੁੰਚੇ, ਉਹ ਮੁਲਜ਼ਮ ਨੂੰ ਨਹੀਂ ਲੱਭ ਸਕੇ।

ਇਹ ਵੀ ਪੜ੍ਹੋ – ਓਵਰਡੋਜ਼ ਨਸ਼ੇ ਨਾਲ ਨੌਜਵਾਨ ਦੀ ਮੌਤ, ਦੋਸਤਾਂ ਨੇ ਲਾਸ਼ ਗੰਦੇ ਨਾਲੇ ‘ਚ ਸੁੱਟੀ