ਬਿਊਰੋ ਰਿਪੋਰਟ (23 ਅਕਤੂਬਰ 2025): ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਵੱਲੋਂ ਕੀਤੇ ਗਏ ਭਿਆਨਕ ਹਾਦਸੇ ਨੇ ਤਿੰਨ ਲੋਕਾਂ ਦੀ ਜਾਨ ਲੈ ਲਈ। ਇਹ ਹਾਦਸਾ 22 ਅਕਤੂਬਰ ਨੂੰ ਵਾਪਰਿਆ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਜਾਣਕਾਰੀ ਅਨੁਸਾਰ, 21 ਸਾਲਾ ਜਸ਼ਨਪ੍ਰੀਤ ਸਿੰਘ ਨਾਂ ਦੇ ਡਰਾਈਵਰ ਨੇ ਨਸ਼ੇ ਦੀ ਹਾਲਤ ਵਿੱਚ ਆਪਣੇ ਟਰੱਕ ਨਾਲ ਲਗਭਗ 10 ਵਾਹਨਾਂ ਨੂੰ ਟੱਕਰ ਮਾਰੀ। ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਹੋਏ। ਪੁਲਿਸ ਨੇ ਜਸ਼ਨਪ੍ਰੀਤ ਨੂੰ ਗ੍ਰਿਫ਼ਤਾਰ ਕਰਕੇ ਸੈਨ ਬਰਨਾਰਡਿਨੋ ਕਾਊਂਟੀ ਸ਼ੈਰਿਫ਼ ਵਿਭਾਗ ਦੀ ਹਿਰਾਸਤ ਵਿੱਚ ਰੱਖਿਆ ਹੈ ਅਤੇ ਉਸ ਨਾਲ ਪੁੱਛਗਿੱਛ ਜਾਰੀ ਹੈ।
ਅਮਰੀਕੀ ਪੁਲਿਸ ਦਾ ਕਹਿਣਾ ਹੈ ਕਿ ਸਾਹਮਣੇ ਟ੍ਰੈਫਿਕ ਜਾਮ ਹੋਣ ਦੇ ਬਾਵਜੂਦ ਡਰਾਈਵਰ ਨੇ ਬ੍ਰੇਕ ਨਹੀਂ ਲਗਾਈ, ਕਿਉਂਕਿ ਉਹ ਨਸ਼ੇ ਵਿੱਚ ਸੀ। ਹਾਦਸਾ ਕੈਲੀਫੋਰਨੀਆ ਦੇ I-10 ਫ੍ਰੀਵੇ ’ਤੇ ਵਾਪਰਿਆ ਜਦੋਂ ਜਸ਼ਨਪ੍ਰੀਤ ਦਾ ਟਰੱਕ ਅਚਾਨਕ ਬੇਕਾਬੂ ਹੋ ਗਿਆ। ਉਸਨੇ ਪਹਿਲਾਂ ਸੜਕ ਦੇ ਵਿਚਕਾਰ ਖੜ੍ਹੀਆਂ ਕਾਰਾਂ ਨੂੰ ਟੱਕਰ ਮਾਰੀ ਅਤੇ ਫਿਰ ਸਾਈਡ ’ਤੇ ਖੜ੍ਹੇ ਹੋਰ ਵਾਹਨਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ। ਕੁੱਲ ਮਿਲਾ ਕੇ ਲਗਭਗ ਦੱਸ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ।
ਵਿਦੇਸ਼ੀ ਏਜੰਸੀਆਂ ਮੁਤਾਬਕ, ਜਸ਼ਨਪ੍ਰੀਤ ਸਿੰਘ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਗਿਆ ਸੀ ਅਤੇ ਯੂਬਾ ਸਿਟੀ ਵਿੱਚ ਰਹਿੰਦਾ ਸੀ। ਉਸਨੂੰ 2022 ਵਿੱਚ ਕੈਲੀਫੋਰਨੀਆ ਸਰਹੱਦ ’ਤੇ ਜੋ ਬਾਇਡਨ ਪ੍ਰਸ਼ਾਸਨ ਨੇ ਗ੍ਰਿਫ਼ਤਾਰ ਕੀਤਾ ਸੀ, ਪਰ ਬਾਅਦ ਵਿੱਚ ਉਸਨੂੰ ਰਿਹਾਅ ਕਰ ਦਿੱਤਾ ਗਿਆ ਸੀ।