International Punjab

ਅਮਰੀਕਾ ‘ਚ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

ਰੋਪੜ : ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ( Death of a Punjabi youth) ਵਿਚ ਜਾ ਪੈਂਦੇ ਹਨ।

ਅਜਿਹਾ ਇੱਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।  ਹਰਮਨਜੀਤ ਸਿੰਘ ਕੈਨੇਡਾ ਦੀ ਡਰੀਮ ਬਿੱਗ ਟਰਾਂਸਪੋਰਟੇਸ਼ਨ ਕੰਪਨੀ ਵਿੱਚ ਟਰੱਕਿੰਗ ਜੌਬ ਕਰਦਾ ਸੀ। ਕੁਝ ਮਹੀਨੇ ਪਹਿਲਾਂ ਹੀ ਉਹ ਕੈਨੇਡਾ ਦਾ ਪੱਕਾ ਨਿਵਾਸੀ ਬਣ ਗਿਆ ਸੀ। ਉਸ ਦੀ ਭੈਣ ਵੀ ਕੈਨੇਡਾ ਦੇ ਓਟਾਵਾ ਇਲਾਕੇ ਵਿੱਚ ਰਹਿੰਦੀ ਹੈ।

ਇਹ ਹਾਦਸਾ ਉਦੋਂ ਹੋਇਆ ਜਦੋਂ ਹਰਮਨਜੀਤ ਸਿੰਘ ਆਪਣਾ ਟਰਾਲਾ ਯੂਐਸਏ ਵਿੱਚ ਲੈ ਕੇ ਜਾ ਰਿਹਾ ਸੀ ਜਦੋਂ ਉਹ ਸਾਲਟ ਲੇਕ ਸਿਟੀ ਦੇ ਨੇੜੇ ਪੁੱਜਾ ਅਤੇ ਗਰੀਨ ਰਿਵਰ ਸੁਰੰਗ ਵਿੱਚ ਬਰਫ਼ ਦਾ ਤੂਫਾਨ ਆਉਣ ਕਾਰਨ ਸੁਰੰਗ ਵਿੱਚ ਵਾਹਨ ਤਿਲਕ ਕੇ ਬੇਕਾਬੂ ਹੋ ਗਿਆ। ਇਸ ਤੋਂ ਬਾਅਦ ਉਸਦੇ ਪਿਛਲੇ ਵਾਹਨ ਆਪਸ ਵਿੱਚ ਭਿੜਦੇ ਚਲੇ ਗਏ। ਇਨ੍ਹਾਂ ਵਾਹਨਾਂ ਵਿੱਚ ਟਰੱਕ, ਕਾਰਾਂ ਅਤੇ ਹੋਰ ਵਾਹਨ ਵੀ ਸ਼ਾਮਿਲ ਸਨ।

ਹਰਮਨਜੀਤ ਦੇ ਟਰਾਲੇ ਤੋਂ ਅਗਲੇ ਟਰੱਕ ਵਿੱਚ ਭਿਆਨਕ ਅੱਗ ਲੱਗਣ ਕਾਰਨ ਸੁਰੰਗ ਵਿੱਚ ਧੂੰਆਂ ਹੀ ਧੂੰਆਂ ਹੋ ਗਿਆ ਅਤੇ ਵਾਹਨਾਂ ਨੂੰ ਅੱਗ ਲੱਗ ਗਈ। ਕੁਝ ਜਣੇ ਸ਼ੀਸ਼ੇ ਤੋੜ ਕੇ ਨਿਕਲ ਗਏ ਪਰ ਹਰਮਨਜੀਤ ਅਤੇ ਇੱਕ ਹੋਰ ਵਾਹਨ ਚਾਲਕ ਬਾਹਰ ਨਾ ਨਿਕਲ ਸਕੇ। ਜਿਸ ਕਾਰਨ ਹਰਮਨਜੀਤ ਸਿੰਘ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਪੰਜ ਜਣੇ ਗੰਭੀਰ ਫੱਟੜ ਵੀ ਦੱਸੇ ਜਾ ਰਹੇ ਹਨ। ਇਹ ਖਬਰ ਸੁਣਦਿਆਂ ਹੀ ਰੂਪਨਗਰ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।