ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਹੁਸ਼ਿਆਰਪੁਰ ਟਾਂਡਾ ਦੇ ਪਿੰਡ ਖਾਨਪੁਰ ਦੇ 33 ਸਾਲਾ ਨੌਜਵਾਨ ਲਖਵਿੰਦਰ ਸਿੰਘ ਦੀ ਦੁਬਈ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ। ਇਸ ਖ਼ਬਰ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਜਾਣਕਾਰੀ ਦਿੰਦਿਆਂ ਲਖਵਿੰਦਰ ਦੇ ਪਿਤਾ ਪਰਗਟ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਹਨ ਅਤੇ ਲਖਵਿੰਦਰ ਛੋਟਾ ਪੁੱਤਰ ਸੀ। ਲਖਵਿੰਦਰ ਤਿੰਨ ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ ਅਤੇ ਇੱਕ ਨਾਨ ਫੂਡ ਐਲਆਈਸੀ ਕੰਪਨੀ ਵਿੱਚ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਸੀ। ਲਖਵਿੰਦਰ ਆਪਣੇ ਕੰਮ ਤੋਂ ਬਹੁਤ ਖੁਸ਼ ਸੀ।
ਕੁਝ ਦਿਨ ਪਹਿਲਾਂ ਹੀ ਉਸ ਨੇ ਫ਼ੋਨ ‘ਤੇ ਦੱਸਿਆ ਕਿ ਉਸ ਕੋਲ ਦੁਬਈ ਦਾ ਡਰਾਈਵਿੰਗ ਲਾਇਸੰਸ ਵੀ ਮਿਲ ਗਿਆ ਹੈ।ਉਨ੍ਹਾਂ ਨੇ ਦੱਸਿਆ ਬੀਤੇ ਦਿਨ 20 ਤਰੀਕ ਨੂੰ ਸ਼ਾਮ 6 ਵਜੇ ਜਦੋਂ ਲਖਵਿੰਦਰ ਦੀ ਮੌਤ ਦੀ ਖ਼ਬਰ ਆਈ ਤਾਂ ਪਰਿਵਾਰ ਗ਼ਮ ਵਿੱਚ ਡੁੱਬ ਗਿਆਪਰਗਟ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਫੋਨ ‘ਤੇ ਦੱਸਿਆ ਗਿਆ ਸੀ ਕਿ ਡਿਲੀਵਰੀ ਦੇ ਕੰਮ ਦੌਰਾਨ ਲਖਵਿੰਦਰ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲਖਵਿੰਦਰ ਦੀ ਮੌਤ ਦੀ ਜਾਂਚ ਕਰਵਾਈ ਜਾਵੇ ਅਤੇ ਉਸਦੀ ਮ੍ਰਿਤਕ ਦੇਹ ਨੂੰ ਪਿੰਡ ਖਾਨਪੁਰ ਲਿਆਉਣ ਲਈ ਸਹਿਯੋਗ ਦਿੱਤਾ ਜਾਵੇ ਤਾਂ ਜੋ ਪਰਿਵਾਰ ਉਸਦਾ ਅੰਤਿਮ ਸੰਸਕਾਰ ਕਰ ਸਕੇ।
ਇਹ ਵੀ ਪੜ੍ਹੋ – ਅੰਮ੍ਰਿਤਸਰ: ਹੈਰੀਟੇਜ ਸਟ੍ਰੀਟ ’ਤੇ ਵਿਅਕਤੀ ਨੇ ਖੁਦ ਨੂੰ ਗੋਲੀ ਮਾਰੀ