India Punjab Sports

ਪੰਜਾਬੀ ਨੌਜਵਾਨ ਨੇ 100 ਮੀਟਰ ਦਾ ਤੋੜਿਆ ਨੈਸ਼ਨਲ ਰਿਕਾਰਡ, CM ਭਗਵੰਤ ਮਾਨ ਨੇ ਦਿੱਤੀ ਵਧਾਈ

ਸਿੱਖ ਨੌਜਵਾਨ ਗੁਰਿੰਦਰਵੀਰ ਸਿੰਘ ਨੇ ਬੇਂਗਲੁਰੂ ਵਿਖੇ Indian Grand Prix 1 ਦੇ ਚੱਲ ਰਹੇ ਮੁਕਾਬਲਿਆਂ ਦੌਰਾਨ 100m ਰੇਸ ‘ਚ ਨੈਸ਼ਨਲ ਰਿਕਾਰਡ ਤੋੜ ਦਿੱਤੇ ਨੇ ਅਤੇ ਸੋਨ ਤਗਮਾ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ।

ਮੁੱਖ ਮੰਤਰੀ ਮਾਨ ਨੇ ਵੀ ਟਵੀਟ ਕਰਕੇ ਨੌਜਵਾਨ ਨੂੰ ਵਧਾਈ ਦਿੱਤੀ ਹੈ। ਉਹਨਾਂ ਲਿਖਿਆ ਕਿ ਜਲੰਧਰ ਦੇ ਗੱਭਰੂ ਗੁਰਿੰਦਰਵੀਰ ਸਿੰਘ ਨੇ ਨੈਸ਼ਨਲ ਰਿਕਾਰਡ ਤੋੜਦਿਆਂ, ਪੁਰਾਣੇ ਰਿਕਾਰਡ ਹੋਲਡਰਾਂ ਨੂੰ ਇਸੇ ਰੇਸ ‘ਚ ਪਛਾੜਦਿਆਂ ਮਹਿਜ਼ 10.20sec ‘ਚ ਰੇਸ ਜਿੱਤ ਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ ਹੈ। ਗੁਰਿੰਦਰਵੀਰ ਭਾਰਤ ਦੇ ਇਤਿਹਾਸ ਦਾ ਸਭ ਤੋਂ ਤੇਜ਼ ਦੌੜਾਕ ਤੇ ਨਾਲ ਹੀ ਦੁਨੀਆ ਦਾ ਸਭ ਤੋਂ ਤੇਜ਼ ਸਿੱਖ ਦੌੜਾਕ ਬਣ ਚੁੱਕਿਆ ਹੈ। ਸ਼ਾਬਾਸ਼ ਜਵਾਨਾਂ, ਮਿਹਨਤਾਂ ਜਾਰੀ ਰੱਖੋ। ਇਹ ਨੇ ਮਿਲਖਾ ਸਿੰਘ ਦੇ ਵਾਰਸ!

ਰਿਲਾਇੰਸ ਦੀ ਅਗਵਾਈ ਕਰਨ ਵਾਲੇ 24 ਸਾਲਾ ਪੰਜਾਬ ਦੇ ਦੌੜਾਕ ਨੇ ਅਕਤੂਬਰ 2023 ’ਚ ਮਣੀਕਾਂਤ ਹੋਬਲੀਧਰ ਵੱਲੋਂ ਬਣਾਏ ਗਏ 10.23 ਸਕਿੰਟ ਦੇ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਗੁਰਿੰਦਰਵੀਰ ਦਾ ਪਿਛਲਾ ਵਿਅਕਤੀਗਤ ਸਰਬੋਤਮ 10.27 ਸੈਕਿੰਡ ਸੀ, ਜੋ ਉਸ ਨੇ 2021 ’ਚ ਬਣਾਇਆ ਸੀ। ਰਿਲਾਇੰਸ ਦੇ ਹੀ ਹੋਬਲੀਧਰ 10.22 ਸਕਿੰਟ ਦੇ ਸਮੇਂ ਨਾਲ ਦੂਜੇ ਸਥਾਨ ‘ਤੇ ਰਹੇ। ਉਨ੍ਹਾਂ ਵੀ ਪੁਰਸ਼ਾਂ ਦੀ 100 ਮੀਟਰ ਫਾਈਨਲ ਰੇਸ ‘ਡੀ’ ਵਿਚ ਆਪਣੇ ਹੀ ਪਿਛਲੇ ਰਾਸ਼ਟਰੀ ਰਿਕਾਰਡ ਨੂੰ 0.01 ਸੈਕਿੰਡ ਨਾਲ ਬਿਹਤਰ ਕੀਤਾ। ਲੇਨ ਪੰਜ ਤੇ ਛੇ ਵਿਚ ਇਕ-ਦੂਜੇ ਨਾਲ ਦੌੜਦੇ ਹੋਏ ਗੁਰਿੰਦਰਵੀਰ ਤੇ ਹੋਬਲੀਧਰ ਵਿਚਕਾਰ ਬਹੁਤ ਹੀ ਕੜਾ ਮੁਕਾਬਲਾ ਹੋਇਆ। ਹਾਲਾਂਕਿ, ਗੁਰਿੰਦਰਵੀਰ ਨੇ ਥੋੜ੍ਹੇ ਫਰਕ ਨਾਲ ਰੇਸ ਜਿੱਤ ਕੇ ਰਾਸ਼ਟਰੀ ਰਿਕਾਰਡ ਨੂੰ 0.03 ਸੈਕਿੰਡ ਦੇ ਫਰਕ ਨਾਲ ਆਪਣੇ ਨਾਮ ਕਰ ਲਿਆ।

ਅਮਲਾਨ ਬੋਰਗੋਹੇਨ ਨੇ 10.43 ਸੈਕਿੰਡ ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕੀਤਾ, ਜਿਸ ਨਾਲ ਰਿਲਾਇੰਸ ਨੇ ਟਾਪ ਦੇ ਤਿੰਨ ਸਥਾਨਾਂ ‘ਤੇ ਕਬਜ਼ਾ ਕਰ ਲਿਆ। ਇਹ ਤਿਕੜੀ ਤੇ ਅਨਿਮੇਸ਼ ਕੁਜੂਰ 100 ਮੀਟਰ ’ਚ ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਸਿਖਰ ਦੇ ਦੌੜਾਕ ਰਹੇ ਹਨ। ਕੁਜੂਰ ਨੇ ਇਸ ਮੁਕਾਬਲੇ ’ਚ ਹਿੱਸਾ ਨਹੀਂ ਲਿਆ। ਗੁਰਿੰਦਰਵੀਰ ਨੇ ਇਸ ਤੋਂ ਪਹਿਲਾਂ 2021 ਤੇ 2024 ਦੀ ਰਾਸ਼ਟਰੀ ਅੰਤਰਰਾਜ਼ੀ ਚੈਂਪੀਅਨਸ਼ਿਪ ਦੇ ਨਾਲ-ਨਾਲ 2024 ਫੈੱਡਰੇਸ਼ਨ ਕੱਪ ’ਚ 100 ਮੀਟਰ ’ਚ ਗੋਲਡ ਮੈਡਲ ਵੀ ਜਿੱਤਿਆ ਸੀ।