ਬਿਊਰੋ ਰਿਪੋਰਟ (15 ਨਵੰਬਰ, 2025): ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚੋਂ ਕਪੂਰਥਲਾ ਦੀ ਔਰਤ ਸਰਬਜੀਤ ਕੌਰ ਦੀ ਗੈਰ-ਮੌਜੂਦਗੀ ਦਾ ਮਾਮਲਾ ਹੁਣ ਸਪੱਸ਼ਟ ਹੋ ਗਿਆ ਹੈ। ਸ਼ੁਰੂਆਤੀ ਤੌਰ ’ਤੇ ਸਰਬਜੀਤ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ, ਪਰ ਜਾਂਚ ਵਿੱਚ ਪਤਾ ਲੱਗਾ ਹੈ ਕਿ ਉਹ ਹੁਣ ਲਾਪਤਾ ਨਹੀਂ, ਸਗੋਂ ਉਸਨੇ ਪਾਕਿਸਤਾਨ ਵਿੱਚ ਆਪਣਾ ਨਾਂ ਬਦਲ ਕੇ ਨੂਰ ਹੁਸੈਨ ਦੇ ਨਾਂ ’ਤੇ ਨਿਕਾਹ ਕਰ ਲਿਆ ਹੈ।
ਸਰਬਜੀਤ ਕੌਰ 4 ਨਵੰਬਰ ਨੂੰ 1932 ਸ਼ਰਧਾਲੂਆਂ ਦੇ ਜਥੇ ਨਾਲ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਗਈ ਸੀ, ਪਰ ਵਾਪਸੀ ਵੇਲੇ ਜਥੇ ਵਿੱਚ ਸ਼ਾਮਲ ਨਹੀਂ ਸੀ।
ਖਾਲੀ ਇਮੀਗ੍ਰੇਸ਼ਨ ਫਾਰਮ ਨੇ ਵਧਾਇਆ ਸ਼ੱਕ
ਜਾਂਚ ਦੌਰਾਨ ਉਨ੍ਹਾਂ ਦੇ ਇਮੀਗ੍ਰੇਸ਼ਨ ਫਾਰਮ ਵਿੱਚ ਕੌਮੀਅਤ (Nationality) ਅਤੇ ਪਾਸਪੋਰਟ ਨੰਬਰ ਵਰਗੀਆਂ ਮਹੱਤਵਪੂਰਨ ਜਾਣਕਾਰੀਆਂ ਖਾਲੀ ਮਿਲਣ ਕਾਰਨ ਸ਼ੱਕ ਹੋਰ ਵਧ ਗਿਆ ਸੀ। ਇਸੇ ਆਧਾਰ ’ਤੇ ਭਾਰਤੀ ਏਜੰਸੀਆਂ ਨੇ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਜਾਂਚ ਸ਼ੁਰੂ ਕੀਤੀ ਸੀ। ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਸਰਬਜੀਤ ਕੌਰ ਨੇ ਪਾਕਿਸਤਾਨ ਵਿੱਚ ਨਿਕਾਹ ਕਰ ਲਿਆ ਹੈ ਅਤੇ ਆਪਣਾ ਨਾਮ ਬਦਲ ਕੇ ਨੂਰ ਹੁਸੈਨ ਰੱਖ ਲਿਆ ਹੈ।
1932 ਸ਼ਰਧਾਲੂਆਂ ਦੇ ਜਥੇ ਨਾਲ ਗਈ ਸੀ ਪਾਕਿਸਤਾਨ
ਔਰਤ ਦੀ ਪਛਾਣ ਸਰਬਜੀਤ ਕੌਰ, ਨਿਵਾਸੀ ਪਿੰਡ ਅਮੈਨੀਪੁਰ, ਡਾਕਖਾਨਾ ਟਿੱਬਾ, ਜ਼ਿਲ੍ਹਾ ਕਪੂਰਥਲਾ (ਪੰਜਾਬ) ਵਜੋਂ ਹੋਈ ਹੈ। ਸਰਬਜੀਤ ਕੌਰ 4 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 1932 ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸੀ। ਜਥਾ 10 ਦਿਨਾਂ ਤੱਕ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ ਭਾਰਤ ਪਰਤ ਆਇਆ, ਪਰ ਵਾਪਸੀ ਸਮੇਂ 1922 ਸ਼ਰਧਾਲੂ ਹੀ ਪਰਤੇ।
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤੀ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਭਾਰਤੀ ਦੂਤਾਵਾਸ ਅਤੇ ਪਾਕਿਸਤਾਨ ਸਥਿਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

