ਬਿਊਰੋ ਰਿਪੋਰਟ (ਪਟਿਆਲਾ, 29 ਅਗਸਤ 2025): ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਹਾਨ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ ਗੁਰਸ਼ਬਦ ਰਤਨਾਕਰ ਮਹਾਨਕੋਸ਼ ਦੀ ਕੀਤੀ ਗਈ ਬੇਅਦਬੀ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਇਸ ਮਾਮਲੇ ਵਿੱਚ ਵਿਦਿਆਰਥੀਆਂ ਅਤੇ ਸਿੱਖ ਵਿਦਵਾਨਾਂ ਦੇ ਸਖ਼ਤ ਵਿਰੋਧ ਤੋਂ ਬਾਅਦ ਕਾਰਵਾਈ ਕਰਦਿਆਂ ਸਖ਼ਤ ਕਦਮ ਚੁੱਕੇ ਗਏ ਹਨ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਲਜ਼ਮ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ।
ਇਸਦੇ ਨਾਲ ਹੀ ਪਸ਼ਚਾਤਾਪ ਵਜੋਂ ਭਲਕੇ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਜਾਵੇਗਾ। ਟੋਏ ਵਿੱਚੋਂ ਮਹਾਨ ਕੋਸ਼ ਦੀਆਂ ਪੋਥੀਆਂ ਕੱਢਣ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਵਿਦਿਆਰਥੀ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਪੋਥੀਆਂ ਕੱਢ ਰਿਹਾ ਹੈ। ਇਸ ਦੌਰਾਨ ਪੁਲਿਸ ਵੀ ਮੌਕੇ ’ਤੇ ਮੌਜੂਦ ਹੈ। ਪਹਿਲੀਆਂ ਪੰਜ ਪੋਥੀਆਂ ਯੂਨੀਵਰਸਿਟੀ ਤੇ ਵਾਈਸ ਚਾਂਸਲਰ ਨੇ ਖ਼ੁਦ ਟੋਏ ਵਿੱਚੋਂ ਕੱਢੀਆਂ ਹਨ।
ਪੋਥੀਆਂ ਕੱਢਣ ਵੇਲੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਮੁੱਖ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਜੀ ਨੇ ਅਰਦਾਸ ਕੀਤੀ। ਇਸ ਮੌਕੇ ਅੰਤਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਕਮੇਟੀ ਸੁਰਜੀਤ ਸਿੰਘ ਗੜੀ ਵੀ ਮੌਕੇ ’ਤੇ ਮੌਜੂਦ ਸਨ। ਹਾਸਲ ਜਾਣਕਾਰੀ ਮੁਤਾਬਕ ਇਨ੍ਹਾਂ ਪੋਥੀਆਂ ਨੂੰ ਸਤਿਕਾਰ ਸਹਿਤ ਟਰੱਕ ਵਿੱਚ ਲੋਡ ਕਰਕੇ ਗੁਰਦੁਆਰਾ ਗੋਇੰਦਵਾਲ ਸਾਹਿਬ ਵਿਖੇ ਲਿਜਾ ਕੇ ਸਿੱਖ ਮਰਿਆਦਾ ਅਨੁਸਾਰ ਸਸਕਾਰ ਕੀਤਾ ਜਾਵੇਗਾ।